ਭਾਰਤੀ ਮੌਸਮ ਵਿਭਾਗ (IMD) ਚੰਡੀਗੜ੍ਹ ਕੇਂਦਰ ਮੁਤਾਬਕ, ਅੱਜ ਅਤੇ ਅਗਲੇ 48 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਵਿੱਚ ਕੋਈ ਵੱਡਾ ਬਦਲਾਵ ਨਹੀਂ ਆਵੇਗਾ। ਸ਼ੁੱਕਰਵਾਰ ਨੂੰ ਵੀ ਬਹੁਤੇ ਜ਼ਿਲ੍ਹਿਆਂ ਵਿੱਚ ਮੀਂਹ ਨਹੀਂ ਪਿਆ, ਹਾਲਾਂਕਿ ਅਸਮਾਨ ਵਿਚ ਬੱਦਲ ਛਾਏ ਰਹੇ।
ਬੱਦਲਾਂ ਕਾਰਨ ਤਾਪਮਾਨ ਵਿੱਚ ਥੋੜ੍ਹੀ ਕਮੀ ਦਰਜ ਕੀਤੀ ਗਈ, ਜਿਸ ਨਾਲ ਆਮ ਤੌਰ ‘ਤੇ ਵੱਧ ਤੋਂ ਵੱਧ ਤਾਪਮਾਨ 2.2 ਡਿਗਰੀ ਸੈਲਸੀਅਸ ਘੱਟ ਰਿਹਾ। ਬਠਿੰਡਾ ਹਵਾਈ ਅੱਡੇ ‘ਤੇ ਸਭ ਤੋਂ ਵੱਧ ਤਾਪਮਾਨ 35.4 ਡਿਗਰੀ ਰਿਹਾ, ਜਦੋਂ ਕਿ ਅੰਮ੍ਰਿਤਸਰ ਵਿੱਚ ਇਹ 32.2 ਡਿਗਰੀ ਸੀ, ਜੋ ਆਮ ਨਾਲੋਂ 2.5 ਡਿਗਰੀ ਘੱਟ ਹੈ। ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 30.8 ਡਿਗਰੀ ਅਤੇ ਪਟਿਆਲਾ ਵਿੱਚ 32.7 ਡਿਗਰੀ ਦਰਜ ਕੀਤਾ ਗਿਆ।
ਮੀਂਹ ਦੇ ਆਂਕੜਿਆਂ ਦੀ ਗੱਲ ਕਰੀਏ ਤਾਂ, ਅੰਮ੍ਰਿਤਸਰ ਵਿੱਚ 13.2 ਮਿਲੀਮੀਟਰ ਅਤੇ ਚੰਡੀਗੜ੍ਹ ਵਿੱਚ 1.1 ਮਿਲੀਮੀਟਰ ਮੀਂਹ ਰਿਕਾਰਡ ਹੋਇਆ, ਪਰ ਹੋਰ ਜ਼ਿਲ੍ਹਿਆਂ ਵਿੱਚ ਨਾ-ਮਾਤਰ ਮੀਂਹ ਪਿਆ।
ਅਗਲੇ ਦੋ ਦਿਨ ਮੌਸਮ ਆਮ ਰਹੇਗਾ
IMD ਦੇ ਅਨੁਸਾਰ, 20 ਜੁਲਾਈ ਤੱਕ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਸਮਾਨਿਆ ਰਹੇਗਾ ਅਤੇ ਕਿਸੇ ਤਰ੍ਹਾਂ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਹਾਲਾਂਕਿ 21 ਜੁਲਾਈ ਤੋਂ ਹਵਾਵਾਂ ਦਾ ਰੁਖ ਬਦਲ ਸਕਦਾ ਹੈ। ਹਿਮਾਚਲ ਨਾਲ ਲੱਗਦੇ ਹਿੱਸਿਆਂ ਵਿੱਚ 21 ਜੁਲਾਈ ਨੂੰ ਭਾਰੀ ਮੀਂਹ ਦੀ ਸੰਭਾਵਨਾ ਹੈ, ਜਿਸ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 22 ਜੁਲਾਈ ਨੂੰ ਵੀ ਇਹੀ ਹਾਲਾਤ ਬਣੇ ਰਹਿਣ ਦੀ ਉਮੀਦ ਹੈ।
ਡੈਮਾਂ ਵਿੱਚ ਪਾਣੀ ਦੀ ਸਥਿਤੀ
18 ਜੁਲਾਈ 2025 ਦੀ ਸਵੇਰ 6 ਵਜੇ ਤੱਕ ਭਾਖੜਾ, ਪੋਂਗ ਅਤੇ ਥੀਨ ਡੈਮਾਂ ਵਿੱਚ ਪਾਣੀ ਪਿਛਲੇ ਸਾਲ ਨਾਲੋਂ ਕਾਫ਼ੀ ਘੱਟ ਰਿਕਾਰਡ ਕੀਤਾ ਗਿਆ ਹੈ। ਤਿੰਨੋਂ ਡੈਮ ਹਾਲੇ ਵੀ ਆਪਣੀ ਵੱਧ ਤੋਂ ਵੱਧ ਭਰਨ ਸਮਰੱਥਾ ਤੋਂ ਕਾਫੀ ਹੇਠਾਂ ਹਨ।