ਮੋਗਾ: ਬਾਘਾ ਪੁਰਾਣਾ ਖੇਤਰ ਵਿੱਚ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਮੋਗਾ ਦੀ ਵਸਨੀਕ ਜੋਤੀ, ਜੋ ਵਿਆਹ ਕੇ ਕੋਟਕਪੂਰਾ ਰਹਿ ਰਹੀ ਸੀ, ਆਪਣੀ ਮਾਇਕੇ ਆ ਰਹੀ ਸੀ। ਉਹ ਆਪਣੇ ਭਰਾ ਨਾਲ ਬਾਈਕ ‘ਤੇ ਸਵਾਰ ਸੀ ਅਤੇ ਸਾਵਣ ਦਾ ਮਹੀਨਾ ਮਨਾਉਣ ਲਈ ਮੋਗਾ ਵੱਲ ਆ ਰਹੀ ਸੀ। ਰਸਤੇ ਵਿੱਚ ਬਾਘਾ ਪੁਰਾਣਾ ਨੇੜੇ ਇੱਕ ਟਿੱਪਰ ਨੇ ਪਿੱਛੇ ਤੋਂ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ।
ਹਾਦਸੇ ‘ਚ ਜੋਤੀ ਦਾ ਭਰਾ ਚਮਤਕਾਰਿਕ ਤੌਰ ‘ਤੇ ਬਚ ਗਿਆ ਪਰ ਜੋਤੀ ਨੂੰ ਗੰਭੀਰ ਚੋਟਾਂ ਆਈਆਂ। ਉਸਨੂੰ ਤੁਰੰਤ ਐਂਬੂਲੈਂਸ ਰਾਹੀਂ ਮੋਗਾ ਸਿਵਲ ਹਸਪਤਾਲ ਪਹੁੰਚਾਇਆ ਗਿਆ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਬਾਘਾ ਪੁਰਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਣ ‘ਤੇ ਜਦੋਂ ਉਹ ਹਾਦਸਾ ਸਥਾਨ ‘ਤੇ ਪਹੁੰਚੇ, ਤਦ ਤੱਕ ਔਰਤ ਨੂੰ ਹਸਪਤਾਲ ਭੇਜਿਆ ਜਾ ਚੁੱਕਾ ਸੀ ਅਤੇ ਉੱਥੇ ਪਤਾ ਲੱਗਾ ਕਿ ਉਸਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾ ਦੀ ਪਹਚਾਨ ਜੋਤੀ ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ ਪਰਿਵਾਰਕ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।