ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੱਧ ਤੋਂ ਵੱਧ ਵੋਟਰਾਂ ਨੂੰ ਕੈਂਪਾਂ ਦਾ ਲਾਹਾ ਲੈਣ ਦੀ ਕੀਤੀ ਅਪੀਲ
ਮੋਗਾ, 17 ਜੁਲਾਈ,
ਵਿਸ਼ੇਸ਼ ਗਹਿਰੀ ਸੁਧਾਈ -2026 ਅਧੀਨ ਗਿਣਤੀ ਫਾਰਮਾਂ ਦੀ ਇਕੱਤਰਤਾ ਅਤੇ ਉਸ ਤੋਂ ਬਾਅਦ ਡਿਜੀਟਾਈਜ਼ੇਸ਼ਨ ਲਈ ਸਾਰੇ ਪੋਲਿੰਗ ਬੂਥਾਂ ਉੱਪਰ ਐਤਵਾਰ, 19 ਜੁਲਾਈ 2026 ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਵਿਸ਼ੇਸ਼ ਗਹਿਰੀ ਸੁਧਾਈ ਦਾ ਘਰ-ਘਰ ਸਰਵੇਖਣ 25 ਜੂਨ ਤੋਂ ਸ਼ੁਰੂ ਹੋਇਆ ਹੈ ਅਤੇ 03 ਅਗਸਤ 2026 ਨੂੰ ਸਮਾਪਤ ਹੋਵੇਗਾ। ਜਿਹੜੇ ਵੋਟਰ ਅਜੇ ਤੱਕ ਗਿਣਤੀ ਫਾਰਮ ਜਮ੍ਹਾਂ ਨਹੀਂ ਕਰਵਾ ਸਕੇ ਹਨ, ਉਨ੍ਹਾਂ ਦੀ ਸਹੂਲਤ ਅਤੇ ਪ੍ਰਕਿਰਿਆ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ 19 ਜੁਲਾਈ 2026 ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਸਾਰੇ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਜਿਨ੍ਹਾਂ ਬੀ.ਐਲ.ਓਜ ਨੇ ਸਤ ਫੀਸਦੀ ਡਿਜੀਟਾਈਜ਼ੇਸ਼ਨ ਪੂਰੀ ਕਰ ਲਈ ਹੈ, ਉਹ ਬੀ.ਐਲ.ਓ., ਬੀ.ਐਲ.ਏ ਨੂੰ ਸਹਿਯੋਗ ਦੇਣਗੇ। ਜਿਨ੍ਹਾਂ ਬੀ.ਐਲ.ਓਜ ਵੱਲੋਂ ਫਾਰਮਾਂ ਦੀ ਇਕੱਤਰਤਾ ਵਧੀਆ ਹੋ ਚੁੱਕੀ ਹੈ ਉਹ ਡਿਜੀਟਾਈਜ਼ੇਸ਼ਨ 'ਤੇ ਧਿਆਨ ਦੇਣਗੇ।
ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਸੋਧੇ ਸ਼ਡਿਊਲ ਤਹਿਤ ਘਰੋਂ-ਘਰੀਂ ਗਣਨਾ ਫਾਰਮਾਂ ਦੀ ਵੰਡ ਦਾ ਕੰਮ ਅਤੇ ਪੋਲਿੰਗ ਬੂਥਾਂ ਦੀ ਰੈਸ਼ਨੇਲਾਜੇਸ਼ਨ ਦਾ ਕੰਮ ਵੀ 3 ਅਗਸਤ ਤੱਕ ਕੀਤਾ ਜਾਵੇਗਾ। ਵੋਟਰ ਸੂਚੀਆਂ ਦਾ ਖਰੜਾ 13 ਅਗਸਤ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ, ਜਦੋਂਕਿ ਇਨ੍ਹਾਂ ਸਬੰਧੀ ਇਤਰਾਜ਼ ਅਤੇ ਦਾਅਵੇ 13 ਅਗਸਤ ਤੋਂ 12 ਸਤੰਬਰ ਤੱਕ ਪੇਸ਼ ਕੀਤੇ ਜਾ ਸਕਦੇ ਹਨ। ਇਨ੍ਹਾਂ ਇਤਰਾਜ਼ਾਂ ਅਤੇ ਦਾਅਵਿਆਂ ਦਾ ਨਿਪਟਾਰਾ 13 ਅਗਸਤ ਤੋਂ 8 ਅਕਤੂਬਰ 2026 ਤੱਕ ਕੀਤਾ ਜਾਵੇਗਾ। ਇਸ ਤੋਂ ਬਾਅਦ ਅੰਤਿਮ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ 12 ਅਕਤੂਬਰ 2026 ਨੂੰ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮੋਗਾ ਦੇ ਵੱਧ ਤੋਂ ਵੱਧ ਵੋਟਰਾਂ ਨੂੰ 19 ਜੁਲਾਈ ਦੇ ਕੈਂਪਾਂ ਵਿੱਚ ਭਾਗ ਲੈਣ ਦੀ ਅਪੀਲ ਕੀਤੀ।