ਜਨਮ ਤੇ ਪਰਿਵਾਰਕ ਪਿਛੋਕੜ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖੋਂ ਸੰਮਤ 1652, (1595 ਈਸਵੀ) ਨੂੰ ਅੰਮ੍ਰਿਤਸਰ ਸਾਹਿਬ ਦੇ ਪਿੰਡ ਵਡਾਲੀ ਵਿਖੇ ਹੋਇਆ। ਗੁਰੂ ਜੀ ਦਾ ਬਚਪਨ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਵਰਗੇ ਮਹਾਨ ਸਿੱਖਾਂ ਦੀ ਸੰਗਤ ਵਿੱਚ ਗੁਜ਼ਰਿਆ। ਆਪ ਦਾ ਵਿਆਹ ਗੁਰੂ ਮਹਿਲ ਦਮੋਦਰੀ ਜੀ, ਮਾਤਾ ਨਾਨਕੀ ਜੀ ਅਤੇ ਮਾਤਾ ਮਹਾਂ ਦੇਵੀ (ਮਰਵਾਹੀ) ਨਾਲ ਹੋਇਆ। ਆਪ ਜੀ ਦੇ ਘਰ ਪੰਜ ਪੁੱਤਰਾਂ- ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਇ ਜੀ, ਬਾਬਾ ਅਟੱਲ ਰਾਇ ਜੀ, ਬਾਬਾ ਤੇਗ ਮੱਲ ਜੀ (ਗੁਰੂ ਤੇਗ ਬਹਾਦਰ ਜੀ) ਅਤੇ ਇੱਕ ਪੁੱਤਰੀ ਬੀਬੀ ਵੀਰੋ ਜੀ ਨੇ ਜਨਮ ਲਿਆ। ਸੰਸਾਰ ਵਿਚ ਸਦਾ ਦੋ ਗੁਣਾਂ ਦੀ ਪੂਜਾ ਹੁੰਦੀ ਆਈ ਹੈ: ਸਿਮਰਨ ਤੇ ਰਾਜਸੀ ਤਾਕਤ। ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਣ ਨੂੰ ਸਿਖਰ ਤੇ ਪੁਚਾ ਦਿੱਤਾ ਸੀ। ਤੱਤੀ ਲੋਹ ‘ਤੇ ਬਹਿ ਕੇ ਵੀ ਸ਼ਾਂਤ ਰਹਿਣਾ ਤੇ ਸਿਮਰਨ ਕਰਨਾ, ਇਹ ਸਿਮਰਨ ਦੀ ਸਿਖਰਲੀ ਹੱਦ ਸੀ।
ਬਚਪਨ ਅਤੇ ਸਿੱਖਿਆ
ਇਸ ਕੁਰਬਾਨੀ ਦਾ ਸਭ ‘ਤੇ ਬਹੁਤ ਅਸਰ ਪਿਆ। ਦੂਸਰਾ ਗੁਣ ਰਾਜਸੀ ਤਾਕਤ ਸੀ। ਪਹਿਲੇ ਗੁਣ ਦੇ ਕਾਰਨ ਗੁਰੂ ਸਾਹਿਬਾਨ ਦਾ ਬਹੁਤ ਸਤਿਕਾਰ ਸੀ ਤੇ ਦੂਸਰੀ ਸ਼ਕਤੀ ਦੇ ਕਾਰਨ ਜੰਤਾ ਮੁਗਲਾਂ ਦੀ ਸਰਕਾਰ ਅੱਗੇ ਝੁਕਦੀ ਸੀ। ਗੁਰੂ ਅਰਜਨ ਦੇਵ ਜੀ ਚਾਹੁੰਦੇ ਸਨ ਕਿ ਸਿੱਖ, ਦੂਸਰੇ ਮਨੁੱਖ ਸਾਹਮਣੇ ਅਕਾਰਣ ਹੀ ਝੁਕਣ ਵਾਲਾ ਸੁਭਾਉ ਬਦਲ ਲੈਣ। ਇਸ ਵਾਸਤੇ ਉਹਨਾਂ ਨੇ ਸਾਹਿਬਜ਼ਾਦੇ ਹਰਿਗੋਬਿੰਦ ਜੀ ਨੂੰ ਧਾਰਮਿਕ ਵਿਦਿਆ ਦੇ ਨਾਲ-ਨਾਲ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨ ਲਈ ਕਿਹਾ। 1603 ਵਿਚ (ਗੁਰੂ) ਹਰਗੋਬਿੰਦ ਜੀ ਦੀ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁਢਾ ਜੀ ਨੂੰ ਜ਼ਿੰਮੇਵਾਰੀ ਸੌਂਪੀ ਗਈ। ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਤਲਵਾਰਬਾਜ਼ੀ, ਕੁਸ਼ਤੀ ਅਤੇ ਘੋੜ ਸਵਾਰੀ ਦੀ ਸਿੱਖਿਆ ਦਿੱਤੀ।
ਗੁਰਗੱਦੀ ਦੀ ਪ੍ਰਾਪਤੀ ਅਤੇ ਨਵਾਂ ਦਿਸ਼ਾ
ਆਪ ਜੀ ਦੀ ਉਮਰ ਜਦੋਂ ਲਗਭਗ 11 ਸਾਲ ਦੇ ਕਰੀਬ ਹੀ ਸੀ, ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਬਾਦਸ਼ਾਹ ਦੇ ਹੁਕਮ ‘ਤੇ ਹੀ ਆਸਾ ਵਾਰ ਸਿਆਸਤ ਕਾਨੂੰਨ ਦੇ ਤਹਿਤ ਲਾਹੌਰ ਵਿਖੇ ਤੱਤੀ ਤਵੀ ‘ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਗੁਰੂ ਅਰਜਨ ਦੇਵ ਜੀ ਲਾਹੌਰ ਜਾਣ ਤੋਂ ਪਹਿਲਾਂ ਗੁਰਤਾ ਗੱਦੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੌਂਪ ਗਏ। ਆਪ ਜੀ ਸਿੱਖਾਂ ਦੇ ਛੇਵੇਂ ਗੁਰੂ ਹਨ। ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 48ਵੀਂ ਪਉੜੀ ਵਿਚ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਲਿਖਿਆ ਹੈ:
ਪੰਜਿ ਪਿਆਲੇ, ਪੰਜਿ ਪੀਰ, ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨੁ ਕਾਇਆ ਪਲਟਿ ਕੈ, ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆਂ, ਰੂਪੁ ਦਿਖਾਵਣਿ ਵਾਰੋ ਵਾਰੀ।
ਦਲਿਭੰਜਨ ਗੁਰੁ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ।
ਸ੍ਰੀ ਅਕਾਲ ਤਖਤ ਦੀ ਸਥਾਪਨਾ
ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਗੁਰੂ ਹਰਗੋਬਿੰਦ ਜੀ ਨੇ ਇੱਕ ਥੜੇ ਦੀ ਉਸਾਰੀ ਕੀਤੀ ਜਿਸ ‘ਤੇ ਬਾਅਦ ਵਿੱਚ ਅਕਾਲ ਬੁੰਗਾ ਉਸਾਰਿਆ ਗਿਆ ਤੇ ਸਮੇਂ ਸਮੇਂ ‘ਤੇ ਹਮਲਾਵਰਾਂ ਵੱਲੋਂ ਨਸ਼ਟ ਕੀਤੇ ਜਾਣ ਤੋਂ ਬਾਅਦ ਨਵੀਆਂ ਇਮਾਰਤਾਂ ਦੀ ਉਸਾਰੀ ਹੁੰਦੀ ਰਹੀ ਅਤੇ 1984 ਵਿੱਚ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਉਪ੍ਰੰਤ ਅਕਾਲ ਤਖ਼ਤ ਦੀ ਨਵੀਂ ਉਸਾਰੀ ਗਈ ਮੌਜੂਦਾ ਇਮਾਰਤ ਸ਼ੁਸ਼ੋਭਿਤ ਹੈ। ਸਿੱਖ ਇਤਿਹਾਸ ਵਿੱਚ ਸ੍ਰੀ ਅਕਾਲ ਤਖਤ ਦੀ ਸਿਰਜਣਾਂ ਦਿਵਸ ਦੇ ਤੌਰ ‘ਤੇ ਜਾਣਿਆ ਜਾਂਦਾ ਹੈ।
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੂਰਮਿਆ ਵਿਚ ਬੀਰ-ਰਸ ਭਰਨ ਲਈ ਅਕਾਲ ਤਖ਼ਤ ‘ਤੇ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। ਵਾਰਾਂ ਗਾਉਣ ਵਾਲੇ ਪਹਿਲੇ ਢਾਡੀ ਦਾ ਨਾਮ ਅਬਦੁੱਲਾ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਗੱਦੀ ਨੂੰ ਬਾਦਸ਼ਾਹੀ ਤਖ਼ਤ ਦਾ ਰੂਪ ਦੇ ਦਿੱਤਾ। ਆਪ ਪੰਜ ਸ਼ਸਤਰ ਪਹਿਨ ਕੇ ਸੀਸ ਉੱਪਰ ਬਾਦਸ਼ਾਹਾਂ ਵਾਂਗ ਕਲਗੀ ਸਜਾ ਕੇ ਗੁਰ-ਗੱਦੀ ਉੱਪਰ ਬੈਠਦੇ ਸਨ।
ਜੋ ਸਿੱਖ ਸ਼ਸਤਰ ਜਾਂ ਘੋੜਾ ਭੇਟ ਕਰਦਾ, ਮਹਾਰਾਜ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ ਤੇ ਸਿਮਰਨ ਦੇ ਨਾਲ-ਨਾਲ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਮੰਨੇ ਹੋਏ ਪੰਜ ਤਖ਼ਤਾਂ ਵਿੱਚੋਂ ਪਹਿਲਾ ਸਰਵ-ਉੱਚ ਤਖ਼ਤ ਹੈ ਜਿਸ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਕਰ-ਕਮਲਾਂ ਨਾਲ ਉਸਾਰਿਆ। 1606 ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਉਨ੍ਹਾਂ ਫ਼ੁਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ ਜਿਹਨਾਂ ਵਿਚੋਂ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਸ ਦਾ ਵਰਣਨ ਢਾਡੀ ਅਬਦੁੱਲਾ ਨੇ ਇਸ ਤਰ੍ਹਾਂ ਕੀਤਾ ਹੈ:
ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।
ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ; ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਸਾਡਾ ਧਰਮ ਤੇ ਰਾਜਨੀਤੀ ਇੱਕ ਹੋਣਗੇ ਪਰ ਧਰਮ ਰਾਜਨੀਤੀ ਦੇ ਅਧੀਨ ਨਹੀਂ ਹੋਵੇਗਾ ਬਲਕਿ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕੀਤੀ ਜਾਵੇਗੀ। ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਦੇ ਵਿਚਕਾਰ ਲੱਗੇ ਦੋ ਨਿਸ਼ਾਨ ਸਾਹਿਬਾਂ ਵਿੱਚੋਂ ਦਰਬਾਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਦੀ ਉਚਾਈ ਦੂਸਰੇ ਨਾਲੋਂ ਜਰਾ ਵੱਧ ਹੋਣੀ ਇਸੇ ਗੱਲ ਦਾ ਪ੍ਰਤੀਕ ਹੈ ਕਿ ਧਰਮ ਦਾ ਸਥਾਨ ਰਾਜਨੀਤੀ ਨਾਲੋਂ ਉੱਚਾ ਹੈ।
ਸਿੱਖ ਪੰਥ ਵੱਲੋਂ ਕਿਸੇ ਵੱਡੇ ਪੰਥਕ ਮਸਲੇ ‘ਤੇ ਫੈਸਲਾ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸਰਬੱਤ ਖ਼ਾਲਸੇ ਦਾ ਇਕੱਠ ਬੁਲਾ ਕੇ ਅਨੇਕਾਂ ਗੁਰਮਤੇ ਪਾਸ ਕੀਤੇ ਜਾਂਦੇ ਸਨ, ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਸਿਧਾਂਤ ਨੂੰ ਪਰਪੱਕ ਕਰਦੀ ਹੈ।
ਸਿੱਖਾਂ ਨੂੰ ਸ਼ਿਕਾਰ ਅਤੇ ਸ਼ਸਤ੍ਰ ਵਿਦਿਆ ਸਿਖਾਉਣ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਬਿਧੀ ਚੰਦ ਵਰਗੇ ਚੋਣਵੇਂ ਸੂਰਮਿਆਂ ਦੀ ਨਿਗਰਾਨੀ ਹੇਠ ਗੱਭਰੂਆਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ। ਇਸ ਤਰ੍ਹਾਂ ਸਿੱਖ ਫ਼ੌਜ ਦੀ ਨੀਂਹ ਰੱਖੀ। ਗੁਰੂ ਸਾਹਿਬ ਜੀ ਦੀ ਇਹ ਰੁਚੀ ਦੇਖ ਕੇ ਮਾਝੇ, ਮਾਲਵੇ ਅਤੇ ਦੁਆਬੇ ਵਿਚੋਂ ਕੋਈ ਪੰਜ ਸੌ ਨੌਜੁਆਨ ਆਪ ਦੀ ਸ਼ਰਨ ਵਿਚ ਇਕੱਠੇ ਹੋ ਗਏ। ਕਾਲ ਦੇ ਸਮੇਂ ਮੁਸਲਮਾਨ ਹਕੂਮਤ ਨੇ ਗਰੀਬਾਂ ਦੀ ਬਿਲਕੁਲ ਕੋਈ ਸਾਰ ਨਹੀਂ ਲਈ ਸੀ ਇਸ ਕਰਕੇ ਕਈ ਮੁਸਲਮਾਨ ਭੀ ਸਤਿਗੁਰੂ ਜੀ ਦੀ ਨਵੀਂ ਬਣ ਰਹੀ ਫੌਜ ਵਿਚ ਭਰਤੀ ਹੋ ਗਏ।
ਗੁਰੂ ਹਰਗੋਬਿੰਦ ਜੀ ਨੇ ਸਿੱਖ-ਧਰਮ ਦੇ ਪਰਚਾਰ ਵਿਚ ਵੀ ਵਿਸ਼ੇਸ ਧਿਆਨ ਦਿੱਤਾ ਅਤੇ ਇਕ ਚੰਗੀ ਜੱਥੇਬੰਦੀ ਦੀ ਸਥਾਪਨਾ ਕੀਤੀ। 1612 ਵਿਚ ਦੁਆਬੇ ਅਤੇ ਮਾਲਵੇ ਵਿਚ ਸਿੱਖੀ ਦਾ ਪਰਚਾਰ ਕੀਤਾ ਅਤੇ ਇਸੇ ਸਮੇਂ ਗੁਰੂ ਸਾਹਿਬ ਦੀ ਪਾਰਖੂ ਅੱਖ ਨੇ ਪੈਂਦੇ ਖਾਂ ‘ਤੇ ਖ਼ਾਸ ਮਿਹਰ ਕੀਤੀ। 1613 ਵਿਚ ਬਾਬਾ ਗੁਰਦਿਤਾ ਜੀ ਦਾ ਜਨਮ ਡਰੌਲੀ ਵਿਚ ਹੋਇਆ। ਇਥੇ ਹੀ ਸਾਧਾ ਨਾਮ ਦਾ ਇਕ ਸਖੀ ਸਰਵਰੀਆ ਗੁਰੂ ਸਾਹਿਬ ਜੀ ਦਾ ਸਿੱਖ ਬਣਿਆ ਜਿਸਦੇ ਘਰ ਭਾਈ ਰੂਪ ਚੰਦ ਦਾ ਜਨਮ ਹੋਇਆ। ਅੰਮ੍ਰਿਤਸਰ ਦੀ ਤਰੱਕੀ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਸੰਗਤਾਂ ਦੀ ਪਾਣੀ ਦੀ ਲੋੜ ਪੂਰੀ ਕਰਨ ਲਈ ਰਾਮਸਰ, ਕੌਲਸਰ ਅਤੇ ਬਿਬੇਕਸਰ ਨਾਮ ਦੇ ਸਰੋਵਰ ਬਣਵਾਏ ਅਤੇ ਅੰਮ੍ਰਿਤਸਰ ਦੀ ਰੱਖਿਆ ਲਈ ਲੋਹਗੜ੍ਹ ਦਾ ਕਿਲ੍ਹਾ ਬਣਵਾਇਆ।
ਜਹਾਂਗੀਰ ਨੂੰ ਗੁਰੂ ਸਾਹਿਬ ਜੀ ਦਾ ਹਰਮਨ ਪਿਆਰਾ ਹੋਣਾ ਪਸੰਦ ਨਾ ਆਇਆ। 1612 ਵਿੱਚ ਉਸ ਨੇ ਆਗਰੇ ਤੋਂ ਗੁਪਤ ਹੁਕਮ ਦੇ ਕੇ ਗੁਰੂ ਸਾਹਿਬ ਨੂੰ ਗਵਾਲੀਆਰ ਦੇ ਕਿਲੇ ਵਿਚ ਕੈਦ ਕਰਨ ਦਾ ਹੁਕਮ ਦੇ ਦਿਤਾ ਜਿਥੇ ਹੋਰ ਰਾਜਸੀ ਕੈਦੀ ਰੱਖੇ ਹੋਏ ਸਨ। ਗੁਰੂ ਸਾਹਿਬ ਜੀ ਦੇ ਦਰਸ਼ਨਾ ਲਈ ਸਿੱਖ ਦੂਰੋਂ ਨੇੜਿਉਂ ਗਵਾਲੀਅਰ ਪਹੁੰਚਦੇ ਪਰ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਨਾ ਕਰਨ ਦਿੱਤੇ ਜਾਂਦੇ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਲਈ ਖੁਦ ਚੌਂਕੀਆਂ ਕੱਢਣੀਆਂ ਸ਼ੁਰੂ ਕੀਤੀਆਂ ਜੋ ਰਵਾਇਤ ਅੱਜ ਤੱਕ ਜਾਰੀ ਹੈ।
ਗਵਾਲਿਅਰ ਕਿਲ੍ਹੇ ਦੀ ਕੈਦ ਅਤੇ ਬੰਦੀ ਛੋੜ
1614 ਵਿਚ ਜਹਾਂਗੀਰ ਨੂੰ ਦਮੇ ਦਾ ਬੜਾ ਸਖ਼ਤ ਦੌਰਾ ਪਿਆ। ਆਖਿਰ ਉਸਨੇ ਫਕੀਰ ਮੀਆਂ ਮੀਰ ਦੇ ਕਹਿਣ ‘ਤੇ ਗੁਰੂ ਜੀ ਦੀ ਰਿਹਾਈ ਦਾ ਹੁਕਮ ਦੇ ਦਿੱਤਾ। ਇਹ ਇਤਿਹਾਸਕ ਸਚਾਈ ਹੈ ਕਿ ਗੁਰੂ ਸਾਹਿਬ ਜੀ ਦੇ ਚੋਲ਼ੇ ਦੀਆਂ ਕਲੀਆਂ ਫੜ ਕੇ 52 ਰਾਜੇ ਵੀ ਜ਼ੇਲ੍ਹ ਵਿਚੋਂ ਰਿਹਾ ਹੋਏ ਸਨ। ਇਸੇ ਕਰਕੇ ਆਪ ਜੀ ਨੂੰ ਬੰਦੀ ਛੋੜ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ।
ਚਾਰ ਇਤਿਹਾਸਕ ਜੰਗਾਂ
ਗੁਰੂ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਤੇ ਚਾਰਾਂ ਵਿੱਚ ਜਿੱਤ ਪ੍ਰਾਪਤ ਕੀਤੀ।
ਪਹਿਲੀ ਜੰਗ 1629ਈ: ਵਿੱਚ ਮੌਜੂਦਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਾਲੀ ਜਗਾ ‘ਤੇ ਹੋਈ। ਸਿੱਖਾਂ ਵੱਲੋਂ ਸ਼ਾਹੀ ਫੌਜਾਂ ਦਾ ਬਾਜ਼ ਫੜੇ ਜਾਣਾ ਇਸ ਜੰਗ ਦਾ ਕਾਰਣ ਬਣਿਆ। ਚੇਤੇ ਰਹੇ ਇਸ ਸਮੇਂ ਬੀਬੀ ਵੀਰੋ ਜੀ ਦਾ ਵਿਵਾਹ ਰੱਖਿਆ ਹੋਇਆ ਸੀ ਇਸ ਲਈ ਗੁਰੂ ਜੀ ਵਿਆਹ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ ਪਰ ਮਜ਼ਬੂਰੀ ਵੱਸ ਇਹ ਜੰਗ ਲੜਨੀ ਪਈ ਜਿਸ ਦੌਰਾਨ ਗੁਲਾਮ ਖ਼ਾਨ ਹਾਰ ਖਾ ਕੇ ਭੱਜ ਗਿਆ ਤੇ ਮੁਖਲਿਸ ਖ਼ਾਂ ਮਾਰਿਆ ਗਿਆ।
ਦੂਸਰੀ ਜੰਗ ਹਰਿਗੋਬਿੰਦਪੁਰ ਵਿਖੇ ਹੋਈ ਜਿਸ ਦਾ ਕਾਰਣ ਉਸ ਇਲਾਕੇ ਦੇ ਚੌਧਰੀ ਭਗਵਾਨ ਦਾਸ ਦਾ ਹੰਕਾਰ ਬਣਿਆ। ਭਗਵਾਨ ਦਾਸ ਦੇ ਪੁੱਤਰ ਰਤਨ ਚੰਦ ਦੀ ਚੁੱਕਣਾ ‘ਤੇ ਜਲੰਧਰ ਦਾ ਫੌਜਦਾਰ ਅਬਦੁੱਲਾ ਖਾਨ ਫੌਜਾਂ ਸਮੇਤ ਗੁਰੂ ਜੀ ‘ਤੇ ਚੜਾਈ ਕਰਕੇ ਆਇਆ ਤੇ ਗੁਰੂ ਜੀ ਨੂੰ ਇਲਾਕਾ ਛੱਡ ਜਾਣ ਲਈ ਕਿਹਾ। ਗੁਰੂ ਜੀ ਵੱਲੋਂ ਦਬਾਅ ਹੇਠ ਇਲਾਕਾ ਛੱਡ ਜਾਣ ਤੋਂ ਇਨਕਾਰ ਕਰਨ ‘ਤੇ ਜੰਗ ਹੋਇਆ ਜਿਸ ਵਿੱਚ ਰਤਨ ਚੰਦ ਤੇ ਅਬਦੁੱਲਾ ਖ਼ਾਂ ਦੋਵੇਂ ਮਾਰੇ ਗਏ। ਕਾਬਲ ਦਾ ਇਕ ਸਿੱਖ-ਮਸੰਦ ਗੁਰੂ ਸਾਹਿਬ ਲਈ ਦੋ ਵਧੀਆ ਘੋੜੇ ਲੈ ਕੇ ਆ ਰਿਹਾ ਸੀ ਕਿ ਲਹੌਰ ਦੇ ਤੁਰਕ ਹਾਕਮਾਂ ਨੇ ਖੋਹ ਲਏ। ਭਾਈ ਬਿਧੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋਨੋ ਘੋੜੇ ਵਾਪਸ ਲਿਆਂਦੇ। ਇਸ ਸਭ ਦਾ ਬਦਲਾ ਲੈਣ ਲਈ ਲਹੌਰ ਤੋਂ ਲਲਾਬੇਗ ਅਤੇ ਕਮਰਬੇਗ ਦੀ ਕਮਾਨ ਹੇਠ ਤੁਰਕਾਂ ਨੇ ਚੜਾਈ ਕਰ ਦਿਤੀ।
ਮਾਲਵੇ ਦੇ ਪਿੰਡ ਮਹਿਰਾਜ ਦੇ ਕੋਲ ਗੁਰੂ ਨਾਥ ਦੀ ਢਾਬ ਕੋਲ ਤੀਸਰੀ ਭਿਆਨਕ ਜੰਗ ਹੋਈ। ਦੋਨਾਂ ਧਿਰਾਂ ਦਾ ਜਾਨੀ ਨੁਕਸਾਨ ਬਹੁਤ ਹੋਇਆ। ਇਸ ਲੜਾਈ ਵਿਚ ਤੁਰਕ ਸਰਦਾਰ ਮਾਰੇ ਗਏ ਅਤੇ ਇਸ ਜੰਗ ਦੀ ਜਿੱਤ ਦੀ ਯਾਦ ਵਿਚ ਗੁਰੂ ਸਾਹਿਬ ਨੇ ‘ਗੁਰੂਸਰ’ ਨਾਮ ਦਾ ਇਕ ਸਰੋਵਰ ਬਣਵਾਇਆ।
ਕਰਤਾਰਪੁਰ ਵਿਖੇ ਚੌਥੀ ਲੜਾਈ 1634 ਵਿਚ ਹੋਈ। ਕਈ ਸਾਲਾਂ ਤੋਂ ਸਿੱਖ ਫੌਜ ਵਿੱਚ ਬੜੇ ਸਤਿਕਾਰਯੋਗ ਅਹੁੱਦੇ ‘ਤੇ ਨਿਵਾਜ਼ੇ ਜਾਣ ਵਾਲੇ ਪਠਾਨ ਪੈਂਦੇ ਖਾਂ ਨੂੰ ਆਪਣੀ ਬਹਾਦਰੀ ‘ਤੇ ਹੰਕਾਰ ਹੋ ਗਿਆ। ਉਹ ਗੁਰੂ ਜੀ ਦੀ ਹੁਕਮ ਅਦੂਲੀ ਕਰਨ ਲੱਗ ਪਿਆ ਤੇ ਗੁਰੂ ਘਰ ਵਿਰੁੱਧ ਸਾਜਿਸ਼ਾਂ ਰਚਣ ਲੱਗ ਪਿਆ। ਇਹ ਹਰਕਤਾਂ ਵੇਖ ਕੇ ਗੁਰੂ ਜੀ ਨੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ।
ਪੈਂਦੇ ਖ਼ਾਂ ਨੇ ਮੁਖ਼ਲਿਸ ਖ਼ਾਂ ਦੇ ਭਰਾ ਕਾਲੇ ਖ਼ਾਂ ਅਤੇ ਜਲੰਧਰ ਦੇ ਸੂਬੇਦਾਰ ਕੁਤਬਦੀਨ ਨੂੰ ਆਪਣੇ ਨਾਲ ਗੰਢ ਲਿਆ ਅਤੇ ਲਹੌਰ ਦੇ ਨਵਾਬ ਨੇ ਕਾਲੇ ਖ਼ਾਂ ਦੀ ਕਮਾਨ ਹੇਠ ਫੌਜ ਤੋਰ ਦਿੱਤੀ। ਬਾਬਾ ਗੁਰਦਿੱਤਾ ਜੀ ਅਤੇ ਭਾਈ ਵਿਧੀ ਚੰਦ ਦੀ ਅਗਵਾਈ ਹੇਠ ਹੋਰ ਸਿੱਖ ਯੋਧਿਆਂ ਦੇ ਨਾਲ 14 ਸਾਲ ਦੇ ਤੇਗ ਤੇਗ ਮੱਲ ਜੀ ਨੇ ਵੀ ਮੈਦਾਨੇ ਜੰਗ ਵਿਚ ਤੇਗ ਦੇ ਜੌਹਰ ਵਿਖਾਏ। ਇਸ ਬਹਾਦਰੀ ਨੂੰ ਵੇਖ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਦਾ ਨਾਮ ਤੇਗ ਬਹਾਦਰ ਰੱਖਿਆ ਜੋ ਬਾਅਦ ਵਿੱਚ ਨੌਵੇਂ ਗੁਰੂ ਵਜੋਂ ਸ਼ੁਸ਼ੋਭਿਤ ਹੋਏ। ਆਖਿਰ ਪੈਂਦੇ ਖਾਂ ਗੁਰੂ ਸਾਹਿਬ ਜੀ ਦੇ ਸਾਹਮਣੇ ਆਇਆ ਅਤੇ ਗੁਰੂ ਜੀ ਉਤੇ ਕਈ ਵਾਰ ਕੀਤੇ ਪਰ ਕੁਝ ਨਾ ਵਿਗਾੜ ਸਕਿਆ ਜਦ ਕਿ ਗੁਰੂ ਸਾਹਿਬ ਜੀ ਦੇ ਇਕੋ ਵਾਰ ਨਾਲ ਜਖ਼ਮੀ ਹੋ ਕੇ ਘੋੜੇ ਤੋਂ ਡਿੱਗ ਪਿਆ ਅਤੇ ਉਸਦਾ ਅੰਤ ਨੇੜੇ ਆ ਗਿਆ।
ਗੁਰੂ ਜੀ ਨੇ ਦਇਆ ਵਿੱਚ ਆ ਕੇ ਪੈਂਦੇ ਖਾਂ ਦੇ ਮੂੰਹ ‘ਤੇ ਢਾਲ ਨਾਲ ਛਾਂ ਕੀਤੀ ਅਤੇ ਅੰਤਮ ਸਮੇਂ ਆਪਣੇ ਮੁਰਸ਼ਿਦ ਨੂੰ ਯਾਦ ਕਰਕੇ ਕਲਮਾਂ ਪੜ੍ਹਨ ਲਈ ਆਖਿਆ। ਪੈਂਦੇ ਖ਼ਾਂ ਦੇ ਦਾਮਾਦ ਕਾਲੇ ਖ਼ਾਂ ਨੇ ਵੀ ਗੁਰੂ ਜੀ ਨੂੰ ਯੁੱਧ ਲਈ ਲਲਕਾਰਿਆ ਅਤੇ ਤਲਵਾਰ ਦਾ ਵਾਰ ਕੀਤਾ। ਗੁਰੂ ਜੀ ਨੇ ਵਾਪਸੀ ਵਾਰ ਕੀਤਾ ਅਤੇ ਆਖਿਆ ਕਾਲੇ ਖ਼ਾਂ, ਵਾਰ ਇਉਂ ਨਹੀਂ ਇਉਂ ਕਰੀ ਦਾ ਹੈ ਅਤੇ ਆਪਣੇ ਵਾਰ ਨਾਲ ਕਾਲੇ ਖਾਂ ਦੇ ਮੋਢੇ ਤੋਂ ਐਸਾ ਚੀਰ ਪਾਇਆ ਜਿਵੇਂ ਕਿਸੇ ਨੇ ਜੰਜੂ ਪਾਇਆ ਹੋਵੇ। ਮੁਸਲਮਾਨੀ ਫੌਜ ਨੇ ਭੱਜ ਕੇ ਜਾਣ ਬਚਾਈ। 1635 ਵਿਚ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਬਣਿਆ ਜੋ ਧਾਰਮਿਕ ਪੱਖ ਤੋਂ ਤੰਗ ਦਿਲ ਨਹੀਂ ਸੀ।
ਜੋਤੀ ਜੋਤ ਸਮਾਉਣਾ
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਿੰਨ ਵਿਆਹ ਹੋਏ ਸਨ। ਆਪ ਜੀ ਦੇ ਮਹਿਲ ਮਾਤਾ ਨਾਨਕੀ, ਮਹਾਦੇਵੀ ਜੀ ਅਤੇ ਦਮੋਦਰੀ ਜੀ ਸਨ। ਆਪ ਜੀ ਦੇ ਪੰਜ ਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਗੁਰੂ ਤੇਗ ਬਹਾਦਰ ਜੀ, ਬਾਬਾ ਅਣੀ ਰਾਇ ਜੀ ਅਤੇ ਬਾਬਾ ਅਟੱਲ ਰਾਏ ਜੀ ਅਤੇ ਇਕ ਪੁੱਤਰੀ ਬੀਬੀ ਵੀਰੋ ਜੀ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੀ ਮੁਲਾਕਾਤ ਹੋਈ ਤਾਂ ਉਨ੍ਹਾਂ ਨੇ ਗੁਰੂ ਜੀ ਕੋਲੋਂ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਆਪਣੇ ਲਈ ਮੰਗ ਲਿਆ। ਬਾਅਦ ਵਿਚ ਬਾਬਾ ਸ੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਉਦਾਸੀ ਮੱਤ ਦਾ ਉੱਤਰਾਧਿਕਾਰੀ ਐਲਾਨ ਦਿੱਤਾ। ਬਾਬਾ ਗੁਰਦਿੱਤਾ ਜੀ ਤੇ ਉਨ੍ਹਾਂ ਦੀ ਪਤਨੀ ਨਿਹਾਲ ਕੌਰ ਦੀ ਕੁੱਖੋਂ ਗੁਰੂ ਹਰਿ ਰਾਏ ਜੀ ਦਾ ਪ੍ਰਕਾਸ਼ ਹੋਇਆ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਦਾ ਸੱਤਵਾਂ ਗੁਰੂ ਐਲਾਨਿਆ ਤੇ ਗੁਰਤਾ ਗੱਦੀ ਸੰਭਾਲ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗਾਂ-ਯੁੱਧਾਂ ਤੋਂ ਵਿਹਲੇ ਹੋ ਕੇ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਪਹਾੜੀਆਂ ਵਿੱਚ ਇਕ ਸੁੰਦਰ ਸ਼ਹਿਰ ਵਸਾਉਣ ਦਾ ਆਦੇਸ਼ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਕੀਰਤਪੁਰ ਸਾਹਿਬ ਸ਼ਹਿਰ ਹੋਂਦ ਵਿੱਚ ਆਇਆ। ਗੁਰੂ ਹਰਗੋਬਿੰਦ ਸਾਹਿਬ ਇਸੇ ਸ਼ਹਿਰ ‘ਚ ਆ ਕੇ ਰਹਿਣ ਲੱਗੇ ਅਤੇ ਇੱਥੇ ਹੀ ਜੋਤੀ-ਜੋਤ ਸਮਾਏ।