ਕਲਾਕਾਰਾਂ ਦੁਆਰਾ ਕਿਸਾਨਾਂ ਨੂੰ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਤੇ ਮਨੁੱਖੀ ਜੀਵਨ ‘ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਨਾਟਕ ਪੇਸ਼ ਕਰਕੇ ਦੱਸਿਆ
ਬਟਾਲਾ:- ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਝੋਨੇ ਦੀ ਫਸਲ ਦੀ ਰਹਿੰਦ ਖੂੰਹਦ ਨੂੰ ਨਾ ਸਾੜਨ ਲਈ ਜਾਗਰੂਕਤਾ ਮੁਹਿੰਮ ਜਾਰੀ ਹੈ।
ਬਲਦੇਵ ਸਿੰਘ ਏ.ਈ.ਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਗਰੂਕਤਾ ਮੁਹਿੰਮ ਤਹਿਤ ਪਿੰਡ ਸੇਖਵਾਂ ਵਿਖੇ ਨੁੱਕੜ ਨਾਟਕ ਕਰਵਾਇਆ ਗਿਆ, ਜਿਸ ਵਿੱਚ ਕਲਾਕਾਰਾਂ ਦੁਆਰਾ ਕਿਸਾਨਾਂ ਨੂੰ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਤੇ ਮਨੁੱਖੀ ਜੀਵਨ ‘ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਨਾਟਕ ਪੇਸ਼ ਕਰਕੇ ਦੱਸਿਆ ਗਿਆ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕੀਤਾ ਗਿਆ ।
ਉਨ੍ਹਾਂ ਦੱਸਿਆ ਕਿ ਪਰਾਲੀ ਸਾੜਨ ਨਾਲ ਮਿੱਟੀ ਵਿੱਚ ਮੌਜੂਦ ਲਾਭਦਾਇਕ ਸੂਖ਼ਮ ਜੀਵਾਂ ਅਤੇ ਮਿੱਤਰ ਕੀਟਾਂ ਦਾ ਨੁਕਸਾਨ ਹੁੰਦਾ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੋਣ ਦੇ ਨਾਲ ਹਾਨੀਕਾਰਕ ਕੀੜਿਆਂ ਦਾ ਪ੍ਰਕੋਪ ਵੀ ਵਧ ਸਕਦਾ ਹੈ। ਇਸ ਕਾਰਨ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਅਤੇ ਹਵਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਗੰਭੀਰ ਖ਼ਤਰੇ ਪੈਦਾ ਕਰਦੇ ਹਨ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਵਿਗਿਆਨਕ ਤਰੀਕਿਆਂ ਨਾਲ ਇਸ ਦਾ ਪ੍ਰਬੰਧਨ ਕਰਨ ਅਤੇ ਤਿਉਹਾਰਾਂ ਮੌਕੇ ਬੇਲੋੜੀ ਆਤਿਸ਼ਬਾਜ਼ੀ ਤੋਂ ਗੁਰੇਜ਼ ਕਰਕੇ ਵਾਤਾਵਰਨ ਦੀ ਸੰਭਾਲ ਵਿੱਚ ਯੋਗਦਾਨ ਪਾਉਣ।