‘ਮੇਰਾ ਘਰ-ਮੇਰੇ ਨਾਮ’ ਸਕੀਮ ਦਾ ਮੁੱਖ ਮੰਤਵ ਲਾਲ ਲਕੀਰ ਅੰਦਰ ਰਹਿੰਦੇ ਯੋਗ ਪਰਿਵਾਰ ਨੂੰ ਆਪਣੇ ਘਰ ਦੀ ਮਾਲਕੀ ਦੇ ਹੱਕ ਦਿਵਾਉਣਾ ਹੈ- ਚੇਅਰਮੈਨ ਜੋਬਨ ਰੰਧਾਵਾ
ਫਤਿਹਗੜ੍ਹ ਚੂੜੀਆਂ/ਬਟਾਲਾ:- ਪੰਜਾਬ ਸਰਕਾਰ ਵੱਲੋਂ “ਮੇਰਾ ਘਰ ਮੇਰੇ ਨਾਮ” ਯੋਜਨਾ ਤਹਿਤ ਪਿੰਡ ਦਬੁਰਜੀ ਤੋਂ ਮੈਂਬਰ ਜਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦਲਜੀਤ ਸਿੰਘ ਲੱਕੀ ਦੇ ਗ੍ਰਹਿ ਵਿਖੇ ਭਰਥਵਾਲ, ਦਬੁਰਜੀ ਅਤੇ ਬਿਸ਼ਨੀਵਾਲ ਦੇ ਵਸਨੀਕਾਂ ਨੂੰ ਚੇਅਰਮੈਨ ਜੋਬਨ ਰੰਧਾਵਾ, ਹਲਕਾ ਇੰਚਾਰਜ ਫਤਿਹਗੜ੍ਹ ਚੂੜੀਆਂ ਵਲੋਂ ਪ੍ਰਾਪਰਟੀ ਕਾਰਡ ਵੰਡੇ ਗਏ। ਇਸ ਮੌਕੇ ਲਾਭਪਾਤਰੀਆਂ ਵਲੋਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਇਸ ਉਪਰਾਲੇ ਲਈ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਜੋਬਨ ਰੰਧਾਵਾ, ਚੇਅਰਮੈਨ ਜ਼ਿਲ੍ਹਾ ਪਲਾਨਿੰਗ ਕਮੇਟੀ ਗੁਰਦਾਸਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਉਪਰਾਲੇ ਨਾਲ ਲੋੜਵੰਦ ਲੋਕਾਂ ਨੂੰ ਘਰਾਂ ਦੇ ਸਿੱਧੇ ਮਾਲਕਾਨਾ ਹੱਕ ਅਤੇ ਪੱਕੀ ਰਜਿਸਟ੍ਰੀ ਦਾ ਅਧਿਕਾਰ ਮਿਲਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਮੇਰਾ ਘਰ-ਮੇਰੇ ਨਾਮ’ ਸਕੀਮ ਦਾ ਮੁੱਖ ਮੰਤਵ ਲਾਲ ਲਕੀਰ ਅੰਦਰ ਰਹਿੰਦੇ ਪੰਜਾਬ ਦੇ ਹਰੇਕ ਯੋਗ ਪਰਿਵਾਰ ਨੂੰ ਆਪਣੇ ਘਰ ਦੀ ਮਾਲਕੀ ਦੇ ਹੱਕ ਦਿਵਾਉਣਾ ਹੈ ਅਤੇ ਇਸ ਦਿਸ਼ਾ ਵਿਚ ਇਹ ਸਕੀਮ ਮੀਲ ਪੱਥਰ ਸਾਬਤ ਹੋਵੇਗੀ।
ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਬਹੁਤ ਸਾਰੇ ਪਰਿਵਾਰ ਦਹਾਕਿਆਂ ਤੋਂ ਲਾਲ ਡੋਰੇ ਅੰਦਰ ਰਹਿ ਰਹੇ ਹਨ ਜਿਨ੍ਹਾਂ ਕੋਲ ਮਾਲਕੀ ਦਾ ਰਸਮੀ ਰਿਕਾਰਡ ਨਾ ਹੋਣ ਕਰਕੇ ਆਪਣੀ ਜ਼ਿੰਦਗੀ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਇਸ ਸਕੀਮ ਨੇ ਅਜਿਹੀਆਂ ਸਾਰੀਆਂ ਸਮੱਸਿਆਵਾਂ ਦਾ ਜੜ੍ਹੋਂ ਹੱਲ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਲੋਕ ਪੱਖੀ ਪਹਿਲਕਦਮੀ ਨੇ ਲਾਲ ਲਕੀਰ ਦੇ ਵਸਨੀਕਾਂ ਦੇ ਸਨਮਾਨ ਅਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਲਕੀ ਮਿਲਣ ਨਾਲ ਲੋਕਾਂ ਅੰਦਰ ਆਪਣੇ ਘਰਾਂ ਦੀ ਸੰਭਾਲ, ਸੁਧਾਰ ਅਤੇ ਭਵਿੱਖ ਦੇ ਯੋਜਨਾਬੰਦੀ ਦਾ ਭਰੋਸਾ ਹੋਰ ਵਧੇਗਾ ਅਤੇ ਉਹ ਆਪਣੀਆਂ ਪ੍ਰਾਪਰਟੀਆਂ ਖਰੀਦ-ਵੇਚ ਸਕਣਗੇ, ਜਿਨ੍ਹਾਂ ਦੀਆਂ ਪ੍ਰਾਪਰਟੀਆਂ ਦਾ ਮੁਕੰਮਲ ਵੇਰਵਾ ਹੁਣ ਮਾਲ ਵਿਭਾਗ ਦੇ ਰਿਕਾਰਡ ਵਿਚ ਦਰਜ ਹੋਵੇਗਾ।
ਇਸ ਦੌਰਾਨ ਪ੍ਰਾਪਰਟੀ ਕਾਰਡ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਮਾਲਕੀ ਦੇ ਦਸਤਾਵੇਜ਼ ਮਿਲਣ ਨਾਲ ਉਨ੍ਹਾਂ ਦੇ ਹੱਕ ਅਤੇ ਸਨਮਾਨ ਨੂੰ ਨਵੀਂ ਮਜ਼ਬੂਤੀ ਮਿਲੀ ਹੈ ਜੋ ਭਵਿੱਖ ਵਿਚ ਉਨ੍ਹਾਂ ਦੀ ਚਹੁੰਮੁਖੀ ਤਰੱਕੀ ਵਿਚ ਵੱਡਮੁਲਾ ਯੋਗਦਾਨ ਪਾਵੇਗੀ।