ਨੌਜਵਾਨਾਂ ਨੇ ਕੀਤੀ ਸਫ਼ਾਈ ਅਤੇ ਲਗਾਏ ਬੂਟੇ
ਸ੍ਰੀ ਮੁਕਤਸਰ ਸਾਹਿਬ:- ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ੍ਰੀ ਮੁਕਤਸਰ ਸਾਹਿਬ ਵਿਖੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਦੇ ‘ਮੇਰਾ ਯੁਵਾ ਭਾਰਤ’ ਮਿਸ਼ਨ ਅਧੀਨ ‘ਸੇਵਾ ਪਖਵਾੜਾ’ (17 ਸਤੰਬਰ ਤੋਂ 2 ਅਕਤੂਬਰ) ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਤਨਵੀ ਅਗਰਵਾਲ ਦੀ ਸੁਚੱਜੀ ਅਗਵਾਈ ਅਤੇ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੁਹਿੰਮ ਤਹਿਤ ਡਾਈਟ ਕੈਂਪਸ ਵਿਖੇ ਵਿਸ਼ੇਸ਼ ਸਫ਼ਾਈ ਅਭਿਆਨ, ਪੌਦੇ ਲਗਾਉਣ ਦੀ ਮੁਹਿੰਮ ਅਤੇ ਸੇਵਾ ਸੰਕਲਪ ਸਮਾਗਮ ਦਾ ਆਯੋਜਨ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਮੌਕੇ ਸਾਰੇ ਸਿਖਿਆਰਥੀਆਂ, ਵਲੰਟੀਅਰਾਂ ਅਤੇ ਸਟਾਫ਼ ਵੱਲੋਂ ਸਵੱਛਤਾ ਅਤੇ ਸਮਾਜ ਸੇਵਾ ਦੀ ਸਹੁੰ ਚੁੱਕੀ ਗਈ। ਇਸ ਉਪਰੰਤ ਨੌਜਵਾਨਾਂ ਨੇ ਰਲ-ਮਿਲ ਕੇ ਸੰਸਥਾ ਦੇ ਆਲੇ-ਦੁਆਲੇ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ, ਸੁੱਕੇ ਪੱਤੇ ਤੇ ਕੂੜਾ-ਕਰਕਟ ਇਕੱਠਾ ਕਰਕੇ ਉਸ ਦਾ ਸਹੀ ਨਿਪਟਾਰਾ ਕੀਤਾ ਅਤੇ ਹਰਿਆਵਲ ਵਧਾਉਣ ਦਾ ਸੁਨੇਹਾ ਦਿੰਦਿਆਂ ਨਵੇਂ ਬੂਟੇ ਲਗਾਏ। ਵਿਦਿਆਰਥੀਆਂ ਨੇ “ਸੇਵਾ ਤੋਂ ਸਮਰਪਣ, ਯੁਵਾ ਤੋਂ ਵਿਕਾਸ” ਦੇ ਸੰਕਲਪ ਨੂੰ ਅਪਣਾਉਂਦਿਆਂ ਸਮਾਜ ਭਲਾਈ ਅਤੇ ਦੇਸ਼ ਸੇਵਾ ਵਿੱਚ ਵੱਧ-ਚੜ੍ਹ ਕੇ ਹਿੱਸਾ ਪਾਉਣ ਦਾ ਪ੍ਰਣ ਲਿਆ।
ਇਸ ਮੌਕੇ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਤਨਵੀ ਅਗਰਵਾਲ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਮਾਈ ਭਾਰਤ ਪੋਰਟਲ ‘ਤੇ ਚੱਲ ਰਹੇ ‘ਵਿਕਸਿਤ ਭਾਰਤ ਯੂਥ ਲੀਡਰ ਡਾਇਲਾਗ 2027’ ਦੇ ਕੁਇਜ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਹਰ ਇੱਕ ਵਿਅਕਤੀ/ਨੌਜਵਾਨ ਨੂੰ ਇਸ ਕੁਇਜ਼ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ‘ਮੇਰਾ ਯੁਵਾ ਭਾਰਤ’ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਅੰਦਰ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਅਤੇ ਸਮਾਜਿਕ ਪਹਿਲਕਦਮੀਆਂ ਬਾਰੇ ਚਾਨਣਾ ਪਾਇਆ ਅਤੇ ਨੌਜਵਾਨਾਂ ਨੂੰ ਇਹਨਾਂ ਗਤੀਵਿਧੀਆਂ ਨਾਲ ਜੁੜਨ ਦਾ ਸੱਦਾ ਦਿੱਤਾ।
ਇਸ ਮੌਕੇ ਪ੍ਰਿੰਸੀਪਲ ਸੰਜੀਵ ਕੁਮਾਰ, ਨੇਹਾ ਖੇੜਾ, ਮਨਦੀਪ ਸਿੰਘ, ਕੁਲਵਿੰਦਰ ਕੌਰ, ਰਾਜਵਿੰਦਰ ਸਿੰਘ ਅਤੇ ਮਾਈ ਭਾਰਤ ਵਲੰਟੀਅਰ (ਮੁਕਤਸਰ ਬਲਾਕ) ਰਸ਼ਨਦੀਪ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਉਹਨਾਂ ਨੇ ਸਿਖਿਆਰਥੀਆਂ ਅਤੇ ਵਲੰਟੀਅਰਾਂ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਨੂੰ ਭਵਿੱਖ ਵਿੱਚ ਵੀ ਵਾਤਾਵਰਣ ਦੀ ਸਾਂਭ-ਸੰਭਾਲ ਤੇ ਸਮਾਜਿਕ ਕਾਰਜਾਂ ਵਿੱਚ ਨਿਰਸਵਾਰਥ ਭਾਵਨਾ ਨਾਲ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ