ਲੰਬੀ/ਸ੍ਰੀ ਮੁਕਤਸਰ ਸਾਹਿਬ:- ਕੈਬਨਿਟ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਸ. ਭਗਤ ਸਿੰਘ ਜੀ ਦੇ ਸੁਪਨਿਆਂ ਦਾ ‘ਰੰਗਲਾ ਪੰਜਾਬ’ ਸਿਰਜਣ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਇਸੇ ਲੜੀ ਤਹਿਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ‘ਜਸ਼ਨ-ਏ-ਇਨਕਲਾਬ’ 28 ਸਤੰਬਰ 2026 ਨੂੰ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ।
ਕੈਬਨਿਟ ਮੰਤਰੀ ਸ. ਖੁੱਡੀਆਂ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸ਼ਹੀਦ-ਏ-ਆਜ਼ਮ ਦੇ ਸੁਪਨਿਆਂ ਦਾ ‘ਰੰਗਲਾ ਪੰਜਾਬ’ ਸਿਰਜਣ ਲਈ ਸਿੱਖਿਆ, ਰੁਜ਼ਗਾਰ, ਵਿਕਾਸ ਅਤੇ ਲੋਕ-ਭਲਾਈ ਦੇ ਖੇਤਰਾਂ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਜਸ਼ਨ-ਏ-ਇਨਕਲਾਬ’ ਸਿਰਫ਼ ਇਕ ਸਮਾਗਮ ਨਹੀਂ, ਸਗੋਂ ਮਹਾਨ ਸ਼ਹੀਦ ਦੀ ਸੋਚ, ਕੁਰਬਾਨੀ ਅਤੇ ਦੇਸ਼-ਪ੍ਰੇਮ ਨੂੰ ਯਾਦ ਕਰਨ ਦਾ ਮੌਕਾ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਸ. ਭਗਤ ਸਿੰਘ ਦੀ ਕੁਰਬਾਨੀ ਅਤੇ ਉਨ੍ਹਾਂ ਦੀ ਇਨਕਲਾਬੀ ਸੋਚ ਨੌਜਵਾਨਾਂ ਸਮੇਤ ਹਰ ਪੰਜਾਬੀ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ 28 ਸਤੰਬਰ 2026 ਨੂੰ ਵੱਡੀ ਗਿਣਤੀ ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪਹੁੰਚ ਕੇ ਸ਼ਹੀਦ ਸ. ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਉਨ੍ਹਾਂ ਦੇ ਸੁਪਨਿਆਂ ਵਾਲੇ ਪੰਜਾਬ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣ।