ਗੁਰਦਾਸਪੁਰ ਜ਼ਿਲ੍ਹੇ ਦੇ ਵਿਕਾਸ ਸਮੇਤ ਵੱਖ-ਵੱਖ ਪਹਿਲੂਆਂ ਸਬੰਧੀ ਕੀਤਾ ਵਿਚਾਰ ਵਟਾਂਦਰਾ
ਬਟਾਲਾ, 9 ਜੁਲਾਈ :
ਜ਼ਿਲ੍ਹਾ ਪਲਾਨਿੰਗ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਜੋਬਨ ਰੰਧਾਵਾ ਵਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੇ ਓ.ਐੱਸ.ਡੀ ਰਾਜਬੀਰ ਸਿੰਘ ਘੁੰਮਣ ਨਾਲ ਮੁਲਾਕਾਤ ਕੀਤੀ ਗਈ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਵਿਕਾਸ ਸਮੇਤ ਵੱਖ-ਵੱਖ ਪਹਿਲੂਆਂ ਸਬੰਧੀ ਵਿਸਥਾਰ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਗੱਲ ਕਰਦਿਆਂ ਚੇਅਰਮੈਨ ਜੋਬਨ ਰੰਧਾਵਾ ਨੇ ਕਿਹਾ ਕਿ ਉਨਾਂ ਵਲੋਂ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੇ ਓ.ਐੱਸ.ਡੀ ਰਾਜਬੀਰ ਸਿੰਘ ਘੁੰਮਣ ਨਾਲ ਜ਼ਿਲ੍ਹੇ ਵਿੱਚ ਵਿਕਾਸ ਕੰਮਾਂ ਦੇ ਨਾਲ ਨਾਲ ਆਉਣ ਵਾਲੀਆਂ ਵਿਧਾਨ ਸਭਾ 2027 ਦੀਆਂ ਚੋਣਾਂ ਦੇ ਸਬੰਧ ਵਿੱਚ ਵੱਖ ਵੱਖ ਪਹਿਲੂਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਅਤੇ ਪਾਰਟੀ ਨੂੰ ਹੋਰ ਮਜਬਤ ਕਰਨ ਅਤੇ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਹੋਰ ਤੇਜ਼ੀ ਨਾਲ ਪਹੁੰਚਾਉਣ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ ਹੈ।
ਇਸ ਮੌਕੇ ਓ.ਐੱਸ.ਡੀ ਰਾਜਬੀਰ ਸਿੰਘ ਘੁੰਮਣ ਵਲੋਂ ਚੇਅਰਮੈਨ ਅਤੇ ਨੌਜਵਾਨ ਆਗੂ ਜੋਬਨ ਰੰਧਾਵਾ ਵਲੋਂ ਜ਼ਿਲ੍ਹੇ ਗੁਰਦਾਸਪੁਰ ਅੰਦਰ ਆਮ ਆਦਮੀ ਪਾਰਟੀ ਨੂੰ ਤਗੜਾ ਤੇ ਮਜਬੂਤ ਕਰਨ ਲਈ ਕੀਤੇ ਦਾ ਰਹੇ ਅਣਥੱਕ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕੇ ਉਨ੍ਹਾਂ ਵਲੋਂ ਦਿਨ ਰਾਤ ਪਾਰਟੀ ਦੇ ਹਿੱਤ ਵਿੱਚ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ।
ਉਨ੍ਹਾਂ ਚੇਅਰਮੈਨ ਜੋਬਨ ਰੰਧਾਵਾ ਨੂੰ ਭਰੋਸਾ ਦਿੱਤਾ ਕਿ ਗੁਰਦਾਸਪੁਰ ਜ਼ਿਲ੍ਹੇ ਨੂੰ ਵਿਕਾਸ ਪੱਖੋਂ ਅਤੇ ਆਮ ਆਦਮੀ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ, ਪਾਰਟੀ ਅਤੇ ਸਰਕਾਰ ਉਨ੍ਹਾਂ ਦੇ ਨਾਲ ਖੜੀ ਹੈ।
ਚੇਅਰਮੈਨ ਜੋਬਨ ਰੰਧਾਵਾ ਨੇ ਓ.ਐੱਸ.ਡੀ ਰਾਜਬੀਰ ਸਿੰਘ ਘੁੰਮਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਲੋਕ ਹਿੱਤ ਲਈ ਵੱਡੇ ਇਤਿਹਾਸਕ ਕਾਰਜ ਕੀਤੇ ਗਏ ਹਨ ਅਤੇ ਲੋਕ ਮਾਨ ਸਰਕਾਰ ਦੀ ਕਾਰੁਜ਼ਗਾਰੀ ਤੋਂ ਖੁਸ਼ ਹਨ।