ਤਰਨਤਾਰਨ , 9 ਜੁਲਾਈ :
ਤਰਨ ਤਾਰਨ ਵਿੱਚ ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇੱਕ ਸਬ-ਇੰਸਪੈਕਟਰ ਅਤੇ ਉਸ ਦੀ ਮਹਿਲਾ ਸਾਥੀ ਨੂੰ 300 ਗ੍ਰਾਮ ਹੈਰੋਇਨ ਅਤੇ 1 ਲੱਖ 27 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ।ਗ੍ਰਿਫ਼ਤਾਰ ਸਬ-ਇੰਸਪੈਕਟਰ ਦੀ ਪਛਾਣ ਸਾਹਿਬ ਸਿੰਘ ਵਜੋਂ ਹੋਈ ਹੈ, ਜੋ ਥਾਣਾ ਖਾਲੜਾ ਵਿੱਚ ਜਾਂਚ ਅਧਿਕਾਰੀ ਵਜੋਂ ਤਾਇਨਾਤ ਸੀ। ਪੁਲਿਸ ਨੇ ਭਰੋਸੇਯੋਗ ਸੂਚਨਾ ਦੇ ਆਧਾਰ ‘ਤੇ ਝਬਾਲ ਦੇ ਬਾਬਾ ਜੱਲਣ ਕਾਲੋਨੀ ਇਲਾਕੇ ਵਿੱਚ ਨਾਕਾਬੰਦੀ ਦੌਰਾਨ ਕਾਰ ਰੋਕ ਕੇ ਦੋਵਾਂ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਸਬ-ਇੰਸਪੈਕਟਰ ਕੋਲੋਂ 300 ਗ੍ਰਾਮ ਹੈਰੋਇਨ ਅਤੇ ਮਹਿਲਾ ਸਾਥੀ ਦੇ ਪਰਸ ਵਿੱਚੋਂ 1.27 ਲੱਖ ਰੁਪਏ ਡਰੱਗ ਮਨੀ ਬਰਾਮਦ ਹੋਈ। ਪੁਲਿਸ ਨੇ ਕਾਰ ਵੀ ਜ਼ਬਤ ਕਰ ਲਈ ਹੈ। ਮਾਮਲੇ ਵਿੱਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।