ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵਿਖੇ ਪੈਨਸ਼ਨਰਾਂ ਦੀ ਸਹੂਲਤ ਲਈ ਪੈਨਸ਼ਨ ਸੇਵਾ ਮੇਲਾ ਲਗਾਇਆ ਗਿਆ, ਇਸ ਮੇਲੇ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ( ਜਨਰਲ ) ਸ੍ਰੀ ਨਰਿੰਦਰ ਸਿੰਘ ਧਾਲੀਵਾਲ ਨੇ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿੱਤ ਵਿਭਾਗ ਵਲੋਂ 19 ਤੋਂ 21 ਨਵੰਬਰ 2026 ਤੱਕ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ੇਸ਼ “ਪੈਨਸ਼ਨਰ ਸੇਵਾ ਮੇਲਾ” ਦਾ ਆਯੋਜਨ ਕੀਤਾ ਗਿਆ ਹੈ, ਤਾਂ ਜੋ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਜਾ ਸਕੇ।ਇਸ ਮੌਕੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਲੰਬਿਤ ਸਮੱਸਿਆਵਾਂ ਨੂੰ ਜਲਦੀ ਨਿਪਟਾਉਣ ਲਈ ਭਰੋਸਾ ਦਿੱਤਾ।
ਜਿ਼ਲ੍ਹਾ ਖਜਾਨਾ ਅਫਸਰ ਸ੍ਰੀ ਨਰੇਸ਼ ਕੁਮਾਰ ਨੇ ਦੱਸਿਆ ਕਿ “ਪੈਨਸ਼ਨਰ ਸੇਵਾ ਮੇਲਾ” ਵਿੱਚ ਪੈਨਸ਼ਨਰਾਂ ਦੀ ਰਜਿਸਟਰੇਸ਼ਨ ਵੀ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਪੈਨਸ਼ਨਰਾਂ ਦੀ ਈ—ਕੇ.ਵਾਈ.ਸੀ., ਜੀਵਨ ਪ੍ਰਮਾਣ ਪੱਤਰ, ਪੀ.ਪੀ.ਓ. ਕਾਪੀ ਬਾਕੀ ਹੈ, ਉਹਨਾਂ ਦੀ ਪ੍ਰਕਿਰਿਆ ਸਥਾਨਕ ਪੱਧਰ ਤੇ ਮੁਕੰਮਲ ਕੀਤਾ ਜਾ ਰਿਹਾ ਹੈ, ਪੋਰਟਲ ਰਾਹੀਂ ਪੈਨਸ਼ਨਰਾਂ ਨੂੰ ਡਿਜਿਟਲ ਲਾਈਫ ਸਰਟੀਫਿਕੇਟ ਜਾਰੀ ਕਰਨ ਲਈ ਈ—ਕੇ.ਵਾਈ.ਸੀ. ਪ੍ਰਕਿਰਿਆ ਮੁਕੰਮਲ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਪੈਨਸ਼ਨਰਾਂ ਦੀ ਸਹੂਲਤ ਲਈ ਖਜਾਨਾ ਦਫਤਰ ਗਿੱਦੜਬਾਹਾ, ਲੰਬੀ ਅਤੇ ਮਲੋਟ ਵਿਖੇ ਵੀ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ।
ਜਿ਼ਲ੍ਹਾ ਖਜਾਨਾ ਦਫਤਰ ਦੇ ਪੈਨਸ਼ਨ ਇੰਚਾਰਜ ਸ੍ਰੀ ਸਾਹਿਬ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਦੀ ਸਹੂਲਤ ਲਈ “ਪੈਨਸ਼ਨਰ ਸੇਵਾ ਪੋਰਟਲ” ਸ਼ੁਰੂ ਕੀਤਾ ਗਿਆ ਹੈ, ਜਿਸ ਰਾਹੀਂ ਪੈਨਸ਼ਨ ਸੰਬੰਧੀ ਅਰਜ਼ੀਆਂ, ਈ—ਪੀ.ਪੀ.ਓ, ਪੈਨਸ਼ਨ ਡਾਟਾ, ਸ਼ਿਕਾਇਤ ਨਿਵਾਰਣ ਅਤੇ ਹੋਰ ਸਹੂਲਤਾਂ ਇਕੋ ਪਲੇਟਫਾਰਮ ‘ਤੇ ਉਪਲਬਧ ਕਰਵਾਈਆਂ ਗਈਆਂ ਹਨ।ਉਹਨਾਂ ਜ਼ਿਲ੍ਹੇ ਦੇ ਸਾਰੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖੇਤਰ ਦੇ “ਪੈਨਸ਼ਨਰ ਸੇਵਾ ਮੇਲੇ” ਵਿੱਚ ਸ਼ਾਮਲ ਹੋ ਕੇ ਇਸ ਮੇਲੇ ਦਾ ਜਰੂਰ ਫਾਇਦਾ ਉਠਾਉਣ ਤਾਂ ਜੋ ਉਹਨਾਂ ਨੂੰ ਭਵਿੱਖ ਵਿੱਚ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਜਿ਼ਲ੍ਹਾ ਪ੍ਰਧਾਨ ਸ੍ਰੀ ਕਰਮਜੀਤ ਸ਼ਰਮਾ ਵੀ ਮੌਜੂਦ ਸਨ।