ਸਵੈ-ਗਣਨਾ 16 ਨਵੰਬਰ ਤੋਂ 30 ਨਵੰਬਰ ਤੱਕ, ਲੋਕ ਪੋਰਟਲ https://se.census.gov.in/ ’ਤੇ ਲਾਗਇਨ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਖੁਦ ਭਰ ਸਕਦੇ ਹਨ
ਬਟਾਲਾ:- ਐੱਸ ਡੀ ਐੱਮ ਬਟਾਲਾ, ਸ੍ਰੀਮਤੀ ਜਸੋਤਸਨਾ ਸਿੰਘ ਨੇ ਜਨਗਣਨਾ-2027 ਤਹਿਤ ਸ਼ੁਰੂ ਕੀਤੀ ਗਈ ਸਵੈ-ਗਣਨਾ (ਸੈਲਫ ਇਨਿਊਮਰੇਸ਼ਨ) ਮੁਹਿੰਮ ਵਿੱਚ ਲੋਕਾਂ ਨੂੰ ਇਸ ਪ੍ਰਕਿਰਿਆ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਕੇ ਸਵੈ-ਗਣਨਾ ਵਿੱਚ ਲੋਕ ਵੱਧ ਤੋਂ ਖੁਦ ਸ਼ਮੂਲੀਅਤ ਕਰਨ।
ਉਨ੍ਹਾਂ ਨੇ ਕਿਹਾ ਕਿ ਜਨਗਣਨਾ-2027 ਦੀ ਸਵੈ-ਗਣਨਾ 16 ਨਵੰਬਰ ਤੋਂ 30 ਨਵੰਬਰ ਤੱਕ ਸਰਕਾਰ ਵੱਲੋਂ ਆਨਲਾਈਨ ਪੋਰਟਲ ਖੋਲਿਆ ਗਿਆ ਹੈ। ਜਿਸ ਤਹਿਤ ਲੋਕ ਪੋਰਟਲ https://se.census.gov.in/ ’ਤੇ ਲਾਗਇਨ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਖੁਦ ਭਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨਾਲ ਲੋਕਾਂ ਨੂੰ ਆਪਣੀ ਜਾਣਕਾਰੀ ਸਹੀ ਅਤੇ ਸੁਵਿਧਾਜਨਕ ਢੰਗ ਨਾਲ ਦਰਜ ਕਰਨ ਦਾ ਮੌਕਾ ਮਿਲੇਗਾ। ਜਿਸ ਰਾਹੀਂ ਨਾਗਰਿਕ ਆਪਣੀ ਸਾਰੀ ਜਾਣਕਾਰੀ ਸਾਂਝੀ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਤੋ ਬਾਅਦ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਜਨਗਣਨਾ ਕਰਮਚਾਰੀ ਘਰ-ਘਰ ਜਾ ਕੇ ਜਾਣਕਾਰੀ ਇਕੱਤਰ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵੱਧ ਤੋਂ ਵੱਧ ਇਸ ਸਹੂਲਤ ਦਾ ਲਾਭ ਲੈਣ।
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਜਿੰਨੀ ਵੀ ਜਨਗਣਨਾ ਹੋਵੇਗੀ, ਉਸ ਦੇ ਆਧਾਰ ਤੇ ਹੀ ਸਾਡੇ, ਸਕੂਲ, ਹਸਪਤਾਲ ਅਤੇ ਸੜਕਾਂ ਦਾ ਜੋ ਵੀ ਵਿਕਾਸ ਹੋਵੇਗਾ, ਉਹ ਸਾਡੀ ਜਣਗਣਨਾ ਤੇ ਹੀ ਨਿਰਭਰ ਹੋਵੇਗਾ। ਉਨ੍ਹਾਂ ਸਮੂਹ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੀ ਸਹੀ ਜਾਣਕਾਰੀ ਦਿੱਤੀ ਜਾਵੇ। ਆਪਣੇ ਆਂਢ-ਗੁਆਂਢ ਨੂੰ ਵੀ ਇਸ ਬਾਰੇ ਦੱਸਿਆ ਜਾਵੇ, ਤਾਂ ਜੋ ਹਰੇਕ ਨਾਗਰਿਕ ਆਪਣੀ ਜਾਣਕਾਰੀ ਪੋਰਟਲ ਰਾਹੀਂ ਸਾਂਝੀ ਕਰ ਸਕੇ ਅਤੇ ਕੋਈ ਵਾਂਝਾ ਨਾ ਰਹਿ ਸਕੇ।