ਬਹਾਰ ਰੁੱਤ ਵਿੱਚ ਚੌੜੀ-ਡੂੰਘੀ ਖਾਲੀ ਵਿਧੀ ਨਾਲ ਗੰਨੇ ਦੀ ਬਿਜਾਈ ਕਰਨ ਕਿਸਾਨ: ਡਾ. ਅਮਰੀਕ ਸਿੰਘ
ਬਟਾਲਾ: ਰਾਊਂਡ ਗਲਾਸ ਫਾਊਂਡੇਸ਼ਨ ਵਲੋਂ ਬਟਾਲਾ ਸਹਿਕਾਰੀ ਖੰਡ ਮਿੱਲ ਲਿਮਟਿਡ ਦੇ ਸਹਿਯੋਗ ਨਾਲ ਗੰਨਾ ਕਾਸ਼ਤਕਾਰਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਪ੍ਰਤੀ ਜਾਗਰੂਕ ਕਰਨ ਲਈ ਪਿੰਡ ਸੁਚਾਨੀਆਂ ਵਿਖੇ ਨੁੱਕੜ ਮੀਟਿੰਗ ਕੀਤੀ ਗਈ। ਸਾਬਕਾ ਕੇਨ ਕਮਿਸ਼ਨਰ ਪੰਜਾਬ , ਡਾਕਟਰ ਅਮਰੀਕ ਸਿੰਘ ਵਿਸ਼ੇਸ਼ ਤੌਰ ਤੇ ਇਸ ਕੈਂਪ ਵਿਚ ਪਹੁੰਚੇ। ਇਸ ਮੌਕੇ ਸੁਮੀਤ ਕੁਮਾਰ , ਇੰਜ.ਅੰਮ੍ਰਿਤਪਾਲ ਸਿੰਘ , ਜੋਬਨਜੀਤ ਸਿੰਘ ,ਪਲਵਿੰਦਰ ਸਿੰਘ , ਬਲਦੇਵ ਸਿੰਘ ਅਤੇ ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ, ਕੇਨ ਕਮਿਸ਼ਨਰ ਪੰਜਾਬ, ਨੇ ਕਿਹਾ ਕਿ ਗੰਨੇ ਦੀ ਖੇਤੀ ਵਿੱਚ ਮਜ਼ਦੂਰਾਂ ਦੀ ਆ ਰਹੀ ਕਮੀ ਨੁੰ ਮੁੱਖ ਰੱਖਦਿਆਂ , ਬਹਾਰ ਰੁੱਤ ( 15 ਫਰਵਰੀ ਤੋਂ 20 ਮਾਰਚ ) ਦੌਰਾਨ ਗੰਨੇ ਦੀ ਬਿਜਾਈ ਚੌੜੀ ਵਿੱਥ ਡੂੰਘੀ ਇਕਹਿਰੀ ਖਾਲੀ ਵਿਧੀ ਨਾਲ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋਂ ਖੇਤੀ ਲਾਗਤ ਖਰਚੇ ਘਟਾ ਕੇ ਪ੍ਰਤੀ ਏਕੜ ਪੈਦਾਵਾਰ ਲਈ ਜਾ ਸਕੇ।
ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਬਹਾਰ ਰੁੱਤ ਦੌਰਾਨ ਗੰਨੇ ਦੀ ਫ਼ਸਲ ਵਿਚ ਅੰਤਰ-ਫ਼ਸਲਾਂ ਜਿਵੇਂ ਗਰਮੀ ਰੁੱਤ ਦੇ ਮਾਂਹ,ਮੂੰਗੀ,ਭਿੰਡੀ, ਮੈਂਥਾ,ਰਾਜਮਾਂਹ ਆਦਿ ਦੀ ਕਾਸ਼ਤ ਕਰਕੇ ਕਿਸਾਨ ਵਾਧੂ ਆਮਦਨ ਵੀ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਗੰਨੇ ਦੀ ਬਿਜਾਈ 4–5 ਫੁੱਟ ਦੀ ਦੂਰੀ ਵਾਲੀ ਚੌੜੀ-ਡੂੰਘੀ ਖਾਲੀ ਵਿਧੀ ਵਿਧੀ ਨਾਲ ਨਦੀਨਾਂ ਦੀ ਰੋਕਥਾਮ, ਮਸ਼ੀਨੀ ਗੋਡੀ, ਮਿੱਟੀ ਚੜ੍ਹਾਉਣ ਅਤੇ ਹੋਰ ਖੇਤੀ ਕਾਰਜ ਆਸਾਨ ਹੋ ਜਾਂਦੇ ਹਨ। ਕਤਾਰਾਂ ਵਿੱਚ ਹਵਾ ਅਤੇ ਧੁੱਪ ਦਾ ਵਧੀਆ ਸੰਚਾਰ ਹੋਣ ਨਾਲ ਫ਼ਸਲ ਦਾ ਵਾਧਾ ਵੀ ਸੁਚੱਜਾ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਇਸ ਵਿਧੀ ਨਾਲ ਪਾਣੀ ਦੀ ਬਚਤ, ਜੜ੍ਹਾਂ ਦੇ ਵਧੀਆ ਵਿਕਾਸ ਅਤੇ ਗੰਨੇ ਦੇ ਮਜ਼ਬੂਤ ਵਾਧੇ ਵਿੱਚ ਮਦਦ ਮਿਲਦੀ ਹੈ ਅਤੇ ਹਵਾ ਤੇ ਮੀਂਹ ਕਾਰਨ ਫ਼ਸਲ ਦੇ ਡਿੱਗਣ ਦੀ ਸੰਭਾਵਨਾ ਘਟਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਚੌੜੀ-ਡੂੰਘੀ ਖਾਲੀ ਵਿਧੀ ਨਾਲ ਗੰਨੇ ਦੀ ਹਾਰਵੈਸਟਰ ਰਾਹੀਂ ਮਕੈਨੀਕਲ ਕਟਾਈ ਵਧੇਰੇ ਸੁਚੱਜੇ ਢੰਗ ਨਾਲ ਕੀਤੀ ਜਾ ਸਕਦੀ ਹੈ। ਸੁਮੀਤ ਕੁਮਾਰ ਨੇ ਰਾਊਂਡ ਗਲਾਸ ਫਾਊਂਡੇਸ਼ਨ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਮੀਟਿੰਗ ਵਿੱਚ ਹਾਜ਼ਰ ਗੰਨਾ ਕਾਸ਼ਤਕਾਰਾਂ ਨੇ ਸਰਕਾਰ ਤੋਂ ਗੰਨੇ ਦੀ ਖੇਤੀ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੀ ਖੇਤੀ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਉਣ ਦੀ ਮੰਗ ਕੀਤੀ।