ਸ੍ਰੀ ਮੁਕਤਸਰ ਸਾਹਿਬ:- ਮੇਰਾ ਯੁਵਾ ਭਾਰਤ, ਸ੍ਰੀ ਮੁਕਤਸਰ ਸਾਹਿਬ ਵੱਲੋਂ ਅੰਤਰਰਾਸ਼ਟਰੀ ਆਫ਼ਤ ਜੋਖਮ ਘਟਾਉਣ ਦਿਵਸ (13 ਅਕਤੂਬਰ) ਮੌਕੇ ਸੀਨੀਅਰ ਸੈਕੰਡਰੀ ਸਕੂਲ, ਉਦੇਕਰਨ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਆਫ਼ਤਾਂ ਜਿਵੇਂ ਹੜ੍ਹ, ਅੱਗ, ਭੁਚਾਲ ਅਤੇ ਹੋਰ ਕੁਦਰਤੀ ਆਫ਼ਤਾਂ ਤੋਂ ਬਚਾਅ ਅਤੇ ਤਿਆਰੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਯੂਥ ਅਫ਼ਸਰ ਸ੍ਰੀਮਤੀ ਤਨਵੀ ਅਗਰਵਾਲ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਦੀਪਕ ਬਾਂਸਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਆਫ਼ਤ ਜੋਖਮ ਘਟਾਉਣ ਸਬੰਧੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਐਮਰਜੈਂਸੀ ਸਥਿਤੀਆਂ ਵਿੱਚ ਸਹੀ ਭੂਮਿਕਾ ਨਿਭਾਉਣ ਲਈ ਤਿਆਰ ਕਰਨਾ ਸੀ। ਵਿਦਿਆਰਥੀਆਂ ਨੂੰ ਆਫ਼ਤਾਂ ਪ੍ਰਤੀ ਸੁਚੇਤ ਰਹਿਣ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਤੋਂ ਇਲਾਵਾ ਆਫ਼ਤ ਪ੍ਰਬੰਧਨ ਵਿਸ਼ੇ ‘ਤੇ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਆਪਣੀਆਂ ਕਲਾਕ੍ਰਿਤੀਆਂ ਰਾਹੀਂ ਜਾਗਰੂਕਤਾ ਦਾ ਸੰਦੇਸ਼ ਦਿੱਤਾ। ਮੁਕਾਬਲੇ ਵਿੱਚ ਗੁਰਪ੍ਰੀਤ ਕੌਰ ਨੇ ਪਹਿਲਾ, ਏਕਤਾ ਨੇ ਦੂਜਾ ਅਤੇ ਅਦਿਤ ਕੁਮਾਰ ਨੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਸਟਾਫ਼ ਵਿੱਚੋਂ ਲੈਕਚਰਾਰ (ਅੰਗਰੇਜ਼ੀ) ਅਮਨਦੀਪ ਚੁੱਘ, ਲੈਕਚਰਾਰ (ਗਣਿਤ) ਅਰਵਿੰਦਰ ਕੌਰ, ਲੈਕਚਰਾਰ (ਅਰਥ ਸ਼ਾਸਤਰ) ਸੁਖਜਿੰਦਰ ਕੌਰ, ਲੈਕਚਰਾਰ (ਰਾਜਨੀਤੀ ਸ਼ਾਸਤਰ) ਅੰਜੂ ਅਰੋੜਾ ਅਤੇ ਦਫ਼ਤਰ ਸਹਾਇਕ ਰਜਵਿੰਦਰ ਸਿੰਘ ਹਾਜ਼ਰ ਸਨ।