ਆਨਲਾਈਨ ਅਰਜ਼ੀਆਂ ਭਰਨ ਦੀ ਪ੍ਰਕਿਰਿਆ 1 ਅਕਤੂਬਰ 2026 ਤੋਂ ਸ਼ੁਰੂ
03 ਜਨਵਰੀ 2027 ਨੂੰ ਹੋਵੇਗੀ ਦਾਖ਼ਲੇ ਲਈ ਪ੍ਰੀਖਿਆ
ਵਧੇਰੇ ਜਾਣਕਾਰੀ ਲਈ ਵੈੱਬਸਾਈਟ www.mrsafpipunjab.gov.in ’ਤੇ ਕੀਤਾ ਜਾ ਸਕਦਾ ਹੈ ਵਿਜ਼ਿਟ
ਸ੍ਰੀ ਮੁਕਤਸਰ ਸਾਹਿਬ:- ਡਿਪਟੀ ਕਮਿਸ਼ਨ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਅਫ਼ਸਰ ਬਣਨ ਦੇ ਯੋਗ ਬਣਾਉਣ ਦੇ ਉਦੇਸ਼ ਨਾਲ ਮੋਹਾਲੀ ਦੇ ਸੈਕਟਰ-77 ਵਿਖੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸਥਾਪਤ ਕੀਤਾ ਗਿਆ ਹੈ। ਇਹ ਸੰਸਥਾ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਅਤੇ ਹੋਰ ਅਕੈਡਮੀਆਂ ਰਾਹੀਂ ਹਥਿਆਰਬੰਦ ਸੈਨਾਵਾਂ ਵਿੱਚ ਅਫ਼ਸਰ ਵਜੋਂ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਸਿੱਖਿਆ ਅਤੇ ਸਿਖਲਾਈ ਪ੍ਰਦਾਨ ਕਰਦੀ ਹੈ।
ਇਸ ਸੰਸਥਾ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਪੜ੍ਹ ਰਹੇ ਲੜਕਿਆਂ ਨੂੰ ਐਨ.ਡੀ.ਏ. ਦੀ ਦਾਖ਼ਲਾ ਪ੍ਰੀਖਿਆ ਅਤੇ ਸਰਵਿਸਿਜ਼ ਸਿਲੈਕਸ਼ਨ ਬੋਰਡ (ਐਸ.ਐਸ.ਬੀ.) ਦੇ ਇੰਟਰਵਿਊ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਕੈਡਿਟਾਂ ਦੀ ਸ਼ਖ਼ਸੀਅਤ, ਸਰੀਰਕ ਯੋਗਤਾ, ਸੰਚਾਰ ਹੁਨਰ ਅਤੇ ਹੋਰ ਲੋੜੀਂਦੇ ਗੁਣਾਂ ਨੂੰ ਨਿਖਾਰਿਆ ਜਾਂਦਾ ਹੈ, ਤਾਂ ਜੋ ਉਹ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨ ਦੇ ਨਾਲ-ਨਾਲ ਹਥਿਆਰਬੰਦ ਸੈਨਾਵਾਂ ਵਿੱਚ ਅਫ਼ਸਰ ਬਣਨ ਦਾ ਆਪਣਾ ਸੁਪਨਾ ਸਾਕਾਰ ਕਰ ਸਕਣ।
ਇਸ ਨਾਲ ਯੋਗ ਅਤੇ ਇੱਛੁਕ ਨੌਜਵਾਨਾਂ ਨੂੰ ਅਨੁਸ਼ਾਸਨ, ਮਿਆਰੀ ਸਿੱਖਿਆ ਅਤੇ ਵਿਸ਼ੇਸ਼ ਸਿਖਲਾਈ ਹਾਸਲ ਕਰਕੇ ਦੇਸ਼ ਦੀ ਸੇਵਾ ਕਰਨ ਦਾ ਬਿਹਤਰੀਨ ਮੌਕਾ ਮਿਲਦਾ ਹੈ। ਸੰਸਥਾ ਹੁਣ ਤੱਕ 14 ਕੋਰਸ ਸਫ਼ਲਤਾਪੂਰਵਕ ਚਲਾ ਚੁੱਕੀ ਹੈ ਅਤੇ ਕੁੱਲ 594 ਕੈਡਿਟ ਸਿਖਲਾਈ ਪੂਰੀ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ 394 ਕੈਡਿਟ ਐਸ.ਐਸ.ਬੀ. ਇੰਟਰਵਿਊ ਪਾਸ ਕਰ ਚੁੱਕੇ ਹਨ, ਜਦਕਿ 325 ਕੈਡਿਟ ਐਨ.ਡੀ.ਏ. ਜਾਂ ਹੋਰ ਸਿਖਲਾਈ ਅਕੈਡਮੀਆਂ ਵਿੱਚ ਦਾਖ਼ਲਾ ਲੈ ਚੁੱਕੇ ਹਨ। ਇਸ ਤੋਂ ਇਲਾਵਾ 198 ਕੈਡਿਟ ਹਥਿਆਰਬੰਦ ਸੈਨਾਵਾਂ ਵਿੱਚ ਅਫ਼ਸਰ ਵਜੋਂ ਕਮਿਸ਼ਨ ਪ੍ਰਾਪਤ ਕਰ ਚੁੱਕੇ ਹਨ। ਸੰਸਥਾ ਦੀ 66.32 ਫ਼ੀਸਦੀ ਸਫ਼ਲਤਾ ਦਰ ਇਸ ਦੀ ਕਾਰਗੁਜ਼ਾਰੀ ਅਤੇ ਸਿਖਲਾਈ ਦੇ ਮਿਆਰ ਨੂੰ ਦਰਸਾਉਂਦੀ ਹੈ।
ਸੰਸਥਾ ਦੇ 17ਵੇਂ ਕੋਰਸ ਲਈ ਆਨਲਾਈਨ ਅਰਜ਼ੀਆਂ ਭਰਨ ਦੀ ਪ੍ਰਕਿਰਿਆ 1 ਅਕਤੂਬਰ 2026 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਦਾਖ਼ਲੇ ਲਈ ਪ੍ਰੀਖਿਆ 03 ਜਨਵਰੀ 2027 ਦਿਨ ਐਤਵਾਰ ਨੂੰ ਕਰਵਾਈ ਜਾਣੀ ਨਿਰਧਾਰਤ ਹੈ।
ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆਂ ਕਿਹਾ ਕਿ ਐਨ.ਡੀ.ਏ. ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਚਾਹਵਾਨ ਉਮੀਦਵਾਰ ਦਾਖ਼ਲੇ ਸਬੰਧੀ ਵਿਸਤ੍ਰਿਤ ਜਾਣਕਾਰੀ, ਯੋਗਤਾ ਦੀਆਂ ਸ਼ਰਤਾਂ ਅਤੇ ਹੋਰ ਵੇਰਵਿਆਂ ਲਈ ਸੰਸਥਾ ਦੀ ਅਧਿਕਾਰਤ ਵੈੱਬਸਾਈਟ www.mrsafpipunjab.gov.in ’ਤੇ ਵਿਜ਼ਿਟ ਕਰ ਸਕਦੇ ਹਨ।