ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ ਬੀਤੇ ਦਿਨੀ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਦੇ ਬਰਕੰਦੀ, ਚੱਕ ਹਾਕਮ ਸਿੰਘ ਵਾਲਾ ਅਤੇ ਖੱਪਿਆਂਵਾਲੀ ਵਿਖੇ ਪੁੱਜੀ। ਇਸ ਮੌਕੇ ਇਹਨਾਂ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ, ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਇਸ ਮੌਕੇ ਪ੍ਰਚਾਰ ਵੈਨ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਉਹਨਾਂ ਦੀ ਬਾਣੀ, ਸਮਾਜਿਕ ਬਰਾਬਰੀ, ਆਪਸੀ ਸਦਭਾਵਨਾ ਅਤੇ ਉੱਚ-ਨੀਚ ਦੇ ਭੇਦਭਾਵ ਨੂੰ ਖਤਮ ਕਰਨ ਦੇ ਮਹਾਨ ਸੰਦੇਸ਼ ’ਤੇ ਆਧਾਰਿਤ ਕਰੀਬ 30 ਮਿੰਟ ਦੀ ਪ੍ਰਭਾਵਸ਼ਾਲੀ ਦਸਤਾਵੇਜੀ ਫਿਲਮ ਦਾ ਪ੍ਰਦਰਸ਼ਨ ਕੀਤਾ ਗਿਆ।
ਦਸਤਾਵੇਜ਼ੀ ਫਿਲਮ ਰਾਹੀਂ ਹਾਜ਼ਰ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਉਹਨਾਂ ਦੀਆਂ ਸਿੱਖਿਆਵਾਂ ਅਤੇ ਮਨੁੱਖਤਾ ਦੇ ਭਲੇ ਲਈ ਦਿੱਤੇ ਅਮੁੱਲੇ ਸੰਦੇਸ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਹਾਜ਼ਰ ਦਰਸ਼ਕਾਂ ਨੇ ਡਾਕੂਮੈਂਟਰੀ ਸ਼ੋਅ ਨੂੰ ਬਹੁਤ ਸ਼ਰਧਾ ਅਤੇ ਰੁਚੀ ਨਾਲ ਦੇਖਿਆ ਅਤੇ ਗੁਰੂ ਸਾਹਿਬ ਵੱਲੋਂ ਦਰਸਾਏ ਸਮਾਨਤਾ, ਭਾਈਚਾਰੇ ਅਤੇ ਮਨੁੱਖੀ ਏਕਤਾ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਲਿਆ।