ਬਟਾਲਾ : ਬਟਾਲਾ, ਸ਼ਹਿਰ ਦੀ ਸੁੰਦਰਤਾ ਅਤੇ ਪਛਾਣ ਨੂੰ ਹੋਰ ਨਿਖਾਰਨ ਦੇ ਉਦੇਸ਼ ਨਾਲ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਵਲੋਂ ਸ੍ਰੀ ਅੰਮ੍ਰਿਤਸਰ-ਬਟਾਲਾ ਬਾਈਪਾਸ ’ਤੇ ਬਟਾਲਾ ਦੇ ਪ੍ਰਵੇਸ਼ ਦੁਆਰ ’ਤੇ ਬਣਾਏ ਜਾਣ ਵਾਲੇ ਸ਼ਾਨਦਾਰ ਐਂਟਰੀ ਗੇਟ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਮੇਅਰ ਭੁਪਿੰਦਰ ਸਿੰਘ, ਚੇਅਰਮੈਨ ਯਸ਼ਪਾਲ ਚੌਹਾਨ, ਚੇਅਰਮੈਨ ਮਾਨਿਕ ਮਹਿਤਾ, ਪ੍ਰਧਾਨ ਵੀਨੂੰ ਕਾਹਲੋਂ, ਲਾਇਨ ਰਾਜੀਵ ਵਿੱਗ, ਸੀਨੀਅਰ ਆਗੂ ਪਰਦੀਪ ਕੁਮਾਰ, ਅਮਰੀਕ ਸਿੰਘ ਲੰਬੜਦਾਰ, ਦਾਸ ਕਰਨ ਸੰਧੂ ਅਤੇ ਸ਼ਹਿਰ ਵਾਸੀ ਮੌਜੂਦ ਸਨ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਇਹ ਐਂਟਰੀ ਗੇਟ ਬਟਾਲਾ ਦੀ ਇਤਿਹਾਸਕ, ਧਾਰਮਿਕ ਅਤੇ ਉਦਯੋਗਿਕ ਵਿਰਾਸਤ ਦਾ ਪ੍ਰਤੀਕ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਨੂੰ ਇਹ ਗੇਟ ਬਟਾਲਾ ਦੀ ਵਿਲੱਖਣ ਪਛਾਣ ਨਾਲ ਜਾਣੂ ਕਰਵਾਏਗਾ ਅਤੇ ਸ਼ਹਿਰ ਦੀ ਖੂਬਸੂਰਤੀ ਵਿੱਚ ਵੀ ਵਾਧਾ ਕਰੇਗਾ।
ਉਨ੍ਹਾਂ ਦੱਸਿਆ ਕਿ ਗੇਟ ਦਾ ਡਿਜ਼ਾਇਨ ਆਧੁਨਿਕ ਤਕਨੀਕ ਅਤੇ ਰਵਾਇਤੀ ਕਲਾ ਦੇ ਸੁਮੇਲ ਨਾਲ ਤਿਆਰ ਕੀਤਾ ਜਾਵੇਗਾ। ਰਾਤ ਸਮੇਂ ਇਸ ਨੂੰ ਆਕਰਸ਼ਕ ਰੋਸ਼ਨੀ ਨਾਲ ਸਜਾਇਆ ਜਾਵੇਗਾ ਤਾਂ ਜੋ ਇਹ ਦੂਰੋਂ ਹੀ ਆਉਣ ਵਾਲੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਸਕੇ।
ਸ਼ਹਿਰ ਵਾਸੀਆਂ ਨੇ ਇਸ ਪ੍ਰੋਜੈਕਟ ਦਾ ਸਵਾਗਤ ਕਰਦਿਆਂ ਕਿਹਾ ਕਿ ਬਟਾਲਾ ਦੀ ਇਤਿਹਾਸਕ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੇ ਵਿਕਾਸ ਕਾਰਜ ਸਮੇਂ ਦੀ ਲੋੜ ਹਨ। ਉਨ੍ਹਾਂ ਉਮੀਦ ਜਤਾਈ ਕਿ ਐਂਟਰੀ ਗੇਟ ਦੇ ਨਿਰਮਾਣ ਨਾਲ ਸ਼ਹਿਰ ਦੀ ਇੱਕ ਨਵੀਂ ਅਤੇ ਆਕਰਸ਼ਕ ਪਛਾਣ ਬਣੇਗੀ।
ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਨਿਰਮਾਣ ਕਾਰਜ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇਗਾ ਅਤੇ ਗੁਣਵੱਤਾ ਦੇ ਮਿਆਰਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਬਟਾਲਾ ਵਿੱਚ ਦਾਖਲ ਹੋਣ ਵਾਲੇ ਹਰ ਵਿਅਕਤੀ ਨੂੰ ਸ਼ਹਿਰ ਦੀ ਸ਼ਾਨ ਅਤੇ ਵਿਕਾਸ ਦੀ ਝਲਕ ਵੇਖਣ ਨੂੰ ਮਿਲੇਗੀ।