ਵਿਧਾਇਕ ਸ਼ੈਰੀ ਕਲਸੀ ਨੇ ਵਿਆਹ ਪੁਰਬ ਸਮਾਗਮ, ਪੂਰੇ ਉਤਸ਼ਾਹ ਅਤੇ ਜਾਹੋ ਜਲਾਲ ਨਾਲ ਸੰਪੰਨ ਹੋਣ ’ਤੇ ਸਮੂਹ ਸੰਗਤਾਂ ਦਾ ਕੀਤਾ ਧੰਨਵਾਦ
ਬਟਾਲਾ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸਮਾਗਮ ਪੂਰੇ ਉਤਸ਼ਾਹ ਅਤੇ ਜਾਹੋ ਜਲਾਲ ਨਾਲ ਮਨਾਏ ਗਏ ਅਤੇ ਸਮੁੱਚੇ ਸਮਾਗਮ ਸਫਲਤਾਪੂਰਵਕ ਸੰਪੰਨ ਹੋਣ ’ਤੇ ਬਟਾਲਾ ਦੇ ਨੌਜਵਾਨ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੰਗਤਾਂ ਵਲੋਂ ਦਿੱਤੇ ਅਥਾਹ ਪਿਆਰ ਅਤੇ ਸਹਿਯੋਗ ਲਈ ਹਮੇਸ਼ਾ ਰਿਣੀ ਰਹਿਣਗੇ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਅਤੇ ਤੁਹਾਡੇ ਸਾਰਿਆਂ ਦੇ ਦਿੱਤੇ ਸਹਿਯੋਗ ਨਾਲ ਇਸ ਪਾਵਨ ਵਿਆਹ ਪੁਰਬ ਮੌਕੇ ਸਮਾਗਮ ਬਹੁਤ ਵਧੀਆਂ ਤਰੀਕੇ ਨਾਲ ਸੰਪੰਨ ਹੋਏ ਹਨ।
ਉਨਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿਤਿਆ ਉੱਪਲ, ਐਸ.ਐਸ.ਪੀ ਬਟਾਲਾ ਡਾ. ਮਹਿਤਾਬ ਸਿੰਘ, ਕਮਿਸ਼ਨਰ ਨਗਰ ਨਿਗਮ ਗੁਰਸਿਮਰਨ ਸਿੰਘ ਢਿੱਲੋਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਵਿਆਹ ਪੁਰਬ ਸਮਾਗਮ ਸੁਚਾਰੂ ਢੰਗ ਨੇਪਰੇ ਚਾੜ੍ਹਣ ਵਿੱਚ ਦਿਨ ਰਾਤ ਸੇਵਾਵਾਂ ਕੀਤੀਆਂ ਗਈਆਂ ਹਨ। ਨਾਲ ਹੀ ਉਨਾਂ ਗੁਰਦੁਆਰਾ ਸਾਹਿਬ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ ਜਿਨਾਂ ਵਲੋਂ ਪੂਰਨ ਸਹਿਯੋਗ ਕੀਤਾ ਗਿਆ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਉਹ ਵੱਖ-ਵੱਖ ਅਧਿਕਾਰੀਆਂ, ਕਰਮਚਾਰੀਆਂ, ਸਫਾਈ ਕਰਮੀਆਂ ਸਮੇਤ ਸਾਰਿਆਂ ਦਾ ਧੰਨਵਾਦ ਕਰਦੇ ਹਨ, ਜਿਨਾਂ ਵਲੋਂ ਵਿਆਹ ਪੁਰਬ ਸਮਾਗਮਾਂ ਲਈ ਦਿਨ ਰਾਤ ਮਿਹਨਤ ਤੇ ਸ਼ਰਧਾ ਭਾਵਨਾ ਨਾਲ ਆਪਣੀ ਡਿਊਟੀ ਬਾਖੂਬੀ ਨਿਭਾਈ ਗਈ। ਨਾਲ ਹੀ ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨਾਂ ਦੇਸ਼-ਵਿਦੇਸ਼ ਤੋਂ ਬਟਾਲਾ ਦੀ ਪਵਿੱਤਰ ਧਰਤੀ ‘ਤੇ ਨਤਮਸਤਕ ਹੋਣ ਲਈ ਲੱਖਾਂ ਦੀ ਤਦਾਦ ਵਿੱਚ ਆਈਆਂ ਸੰਗਤਾਂ ਸਮੇਤ ਮੀਡੀਆ ਦੇ ਸਾਰੇ ਸਾਥੀਆਂ ਦਾ ਵੀ ਧੰਨਵਾਦ ਕੀਤਾ।
ਉਨਾਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਹ ਇਸੇ ਤਰ੍ਹਾਂ ਆਪ ਸਭ ਦੀ ਸੇਵਾ ਕਰਨ ਦਾ ਬੱਲ ਬਖਸ਼ਣ ਅਤੇ ਉਹ ਸੰਗਤਾਂ ਦੀ ਸੇਵਾ ਕਰਦੇ ਰਹਿਣ।