7 ਸਤੰਬਰ ਨੂੰ ਹੋਵੇਗੀ ਕਾਊਂਸਲਿੰਗ, ਚੁਣੇ ਲਾਭਪਾਤਰੀਆਂ ਨੂੰ 14 ਸਤੰਬਰ ਤੋਂ ਦਿੱਤੀ ਜਾਵੇਗੀ ਸਿਖਲਾਈ
ਸਿਖਲਾਈ ਉਪਰੰਤ ਕਰਜ਼ਾ ਕੇਸਾਂ ’ਤੇ 33.33 ਫੀਸਦੀ ਸਬਸਿਡੀ ਦਾ ਪ੍ਰਬੰਧ – ਡਿਪਟੀ ਡਾਇਰੈਕਟਰ ਨਿਰਵੈਰ ਸਿੰਘ ਬਰਾੜ
ਮੋਗਾ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਤੀਬਾੜੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਕੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ‘ਸਕੀਮ ਫਾਰ ਪ੍ਰਮੋਸ਼ਨ ਆਫ ਡੇਅਰੀ ਫਾਰਮਿੰਗ ਐਜ਼ ਲਿਵਲੀਹੁੱਡ ਫਾਰ ਐਸ.ਸੀ. ਬੈਨੀਫਿਸ਼ਰੀਜ਼’ ਸੂਬੇ ਭਰ ਵਿੱਚ ਲਾਗੂ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਮੋਗਾ ਨਿਰਵੈਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਕੀਮ ਤਹਿਤ ਅਨੁਸੂਚਿਤ ਜਾਤੀ ਨਾਲ ਸਬੰਧਤ ਯੋਗ ਲਾਭਪਾਤਰੀਆਂ ਨੂੰ ਪੰਜਾਬ ਦੇ ਵੱਖ-ਵੱਖ ਡੇਅਰੀ ਸਿਖਲਾਈ ਕੇਂਦਰਾਂ ਵਿਖੇ ਦੋ ਹਫ਼ਤਿਆਂ ਦੀ ਮੁਫ਼ਤ ਡੇਅਰੀ ਸਿਖਲਾਈ ਦਿੱਤੀ ਜਾਵੇਗੀ। ਇਸ ਸਿਖਲਾਈ ਦਾ ਮੁੱਖ ਉਦੇਸ਼ ਲਾਭਪਾਤਰੀਆਂ ਨੂੰ ਡੇਅਰੀ ਯੂਨਿਟ ਸਥਾਪਿਤ ਕਰਨ ਲਈ ਲੋੜੀਂਦਾ ਤਕਨੀਕੀ ਗਿਆਨ ਅਤੇ ਹੁਨਰ ਪ੍ਰਦਾਨ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਸਿਰਫ਼ ਅਨੁਸੂਚਿਤ ਜਾਤੀ ਨਾਲ ਸਬੰਧਤ ਚਾਹਵਾਨ ਡੇਅਰੀ ਫਾਰਮਰ 7 ਸਤੰਬਰ 2026 ਨੂੰ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਮੋਗਾ, ਪਿੰਡ ਗਿੱਲ, ਬਾਘਾਪੁਰਾਣਾ ਵਿਖੇ ਕਾਊਂਸਲਿੰਗ ਲਈ ਹਾਜ਼ਰ ਹੋਣ। ਕਾਊਂਸਲਿੰਗ ਦੌਰਾਨ ਚੁਣੇ ਗਏ ਲਾਭਪਾਤਰੀਆਂ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਮੋਗਾ ਐਟ ਗਿੱਲ (ਪਿੰਡ ਗਿੱਲ, ਬਾਘਾਪੁਰਾਣਾ) ਵਿਖੇ 14 ਸਤੰਬਰ 2026 ਤੋਂ ਸਿਖਲਾਈ ਦਿੱਤੀ ਜਾਵੇਗੀ।
ਉਹਨਾਂ ਦੱਸਿਆ ਕਿ ਸਕੀਮ ਅਧੀਨ ਲਾਭਪਾਤਰੀਆਂ ਨੂੰ ਮੁਫ਼ਤ ਡੇਅਰੀ ਸਿਖਲਾਈ ਦੇ ਨਾਲ 3500 ਰੁਪਏ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਸਿਖਲਾਈ ਉਪਰੰਤ ਡੇਅਰੀ ਯੂਨਿਟ ਸਥਾਪਿਤ ਕਰਨ ਲਈ ਤਿਆਰ ਕੀਤੇ ਜਾਣ ਵਾਲੇ ਯੋਗ ਕਰਜ਼ਾ ਕੇਸਾਂ ’ਤੇ 33.33 ਫੀਸਦੀ ਸਬਸਿਡੀ ਦਾ ਵੀ ਪ੍ਰਬੰਧ ਹੈ।
ਨਿਰਵੈਰ ਸਿੰਘ ਬਰਾੜ ਨੇ ਦੱਸਿਆ ਕਿ ਸਿਖਿਆਰਥੀ ਘੱਟੋ-ਘੱਟ ਪੰਜਵੀਂ ਜਮਾਤ ਪਾਸ ਹੋਵੇ। ਇਸ ਸਬੰਧੀ ਵਿਦਿਅਕ ਯੋਗਤਾ ਦਾ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ। ਸਿਖਿਆਰਥੀ ਪੰਜਾਬ ਦਾ ਵਸਨੀਕ ਅਤੇ ਦਿਹਾਤੀ ਪਿਛੋਕੜ ਨਾਲ ਸਬੰਧਤ ਹੋਵੇ। ਇਸ ਲਈ ਆਧਾਰ ਕਾਰਡ ਦੀ ਕਾਪੀ ਸਬੂਤ ਵਜੋਂ ਦੇਣੀ ਹੋਵੇਗੀ। ਸਿਖਿਆਰਥੀ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਵੇ ਅਤੇ ਇਸ ਲਈ ਐਸ.ਸੀ. ਸਰਟੀਫਿਕੇਟ ਦੀ ਕਾਪੀ ਪੇਸ਼ ਕਰਨੀ ਹੋਵੇਗੀ। ਸਿਖਿਆਰਥੀ ਦੀ ਉਮਰ 18 ਤੋਂ 55 ਸਾਲ ਦੇ ਵਿਚਕਾਰ ਹੋਵੇ। ਉਮਰ ਸਬੰਧੀ ਸਰਟੀਫਿਕੇਟ ਪੇਸ਼ ਕਰਨਾ ਲਾਜ਼ਮੀ ਹੈ। ਸਿਖਿਆਰਥੀ ਦਾ ਕਿਸੇ ਵੀ ਬੈਂਕ ਵਿੱਚ ਵੈਧ ਬੈਂਕ ਖਾਤਾ ਹੋਣਾ ਚਾਹੀਦਾ ਹੈ। ਇਸ ਲਈ ਪਾਸਬੁੱਕ ਦੀ ਕਾਪੀ ਜਾਂ ਕੈਂਸਲਡ ਚੈੱਕ ਪੇਸ਼ ਕੀਤਾ ਜਾ ਸਕਦਾ ਹੈ। ਇਸ ਡੇਅਰੀ ਸਿਖਲਾਈ ਸਕੀਮ ਦਾ ਲਾਭ ਮਰਦ ਜਾਂ ਵਿਆਹੀਆਂ ਔਰਤਾਂ ਹੀ ਲੈ ਸਕਦੀਆਂ ਹਨ।
ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ 94650-24767, 84270-71748, 70099-32439 ਉੱਪਰ ਸੰਪਰਕ ਵੀ ਕੀਤਾ ਜਾ ਸਕਦਾ ਹੈ।