ਹੁਨਰਮੰਦ ਨੌਜਵਾਨਾਂ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਚ ਬਣੇਗਾ ਇੰਡੀਆ ਸਕਿੱਲ ਕੰਪੀਟੀਸ਼ਨ
15 ਸਤੰਬਰ ਤੱਕ ਹੋਵੇਗੀ ਰਜਿਸਟ੍ਰੇਸ਼ਨ, 63 ਟਰੇਡਾਂ ਵਿੱਚ ਨੌਜਵਾਨ ਦਿਖਾ ਸਕਣਗੇ ਆਪਣਾ ਹੁਨਰ
ਮੋਗਾ : ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਜਸਪਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਕਾਰਜਕਾਰੀ ਕਮੇਟੀ ਹੁਨਰ ਵਿਕਾਸ ਮਿਸ਼ਨ ਦੇ ਮੈਂਬਰਾਂ, ਜ਼ਿਲ੍ਹੇ ਵਿੱਚ ਚੱਲ ਰਹੀਆਂ ਆਈ.ਟੀ.ਆਈਜ਼, ਪੋਲੀਟੈਕਨਿਕ ਸੰਸਥਾਵਾਂ, ਕਾਲਜਾਂ, ਕਾਨਵੈਂਟ ਸਕੂਲਾਂ ਅਤੇ ਟ੍ਰੇਨਿੰਗ ਸੈਂਟਰਾਂ ਦੇ ਮੁਖੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦਾ ਮੁੱਖ ਉਦੇਸ਼ ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ ਵੱਲੋਂ ਕਰਵਾਈ ਜਾ ਰਹੀ ਇੰਡੀਆ ਸਕਿੱਲ ਕੰਪੀਟੀਸ਼ਨ 2026-27 ਲਈ ਜ਼ਿਲ੍ਹੇ ਦੇ ਨੌਜਵਾਨਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣਾ ਸੀ।
ਮੀਟਿੰਗ ਦੌਰਾਨ ਏ.ਡੀ.ਸੀ. ਸ੍ਰ. ਜਸਪਿੰਦਰ ਸਿੰਘ ਨੇ ਸਬੰਧਤ ਅਧਿਕਾਰੀਆਂ ਅਤੇ ਵਿੱਦਿਅਕ ਸੰਸਥਾਵਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਇੰਡੀਆ ਸਕਿੱਲ ਕੰਪੀਟੀਸ਼ਨ ਬਾਰੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਵੱਖ-ਵੱਖ ਸਕਿੱਲ ਕੈਟਾਗਰੀਆਂ ਵਿੱਚ ਟ੍ਰੇਡ-ਵਾਈਜ਼ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਪੋਲੀਟੈਕਨਿਕ ਕਾਲਜਾਂ, ਕਾਲਜਾਂ, ਆਈ.ਟੀ.ਆਈਜ਼ ਅਤੇ ਟ੍ਰੇਨਿੰਗ ਸੈਂਟਰਾਂ ਵਿੱਚ ਜਾਗਰੂਕਤਾ ਕੈਂਪ ਲਗਾ ਕੇ ਨੌਜਵਾਨਾਂ ਨੂੰ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਇੰਡੀਆ ਸਕਿੱਲ ਕੰਪੀਟੀਸ਼ਨ 2026-27 ਤਹਿਤ ਕੁੱਲ 63 ਟਰੇਡਾਂ ਵਿੱਚ ਹੁਨਰ ਮੁਕਾਬਲੇ ਕਰਵਾਏ ਜਾਣੇ ਹਨ। ਇਨ੍ਹਾਂ ਵਿੱਚ ਬੇਕਰੀ, ਕੁਕਿੰਗ, ਫੈਸ਼ਨ ਟੈਕਨਾਲੋਜੀ, ਵੈੱਬ ਟੈਕਨਾਲੋਜੀ, ਸਾਈਬਰ ਸਕਿਉਰਿਟੀ, ਇਲੈਕਟ੍ਰੀਕਲ, ਵੈਲਡਿੰਗ, ਪਲੰਬਿੰਗ, ਗ੍ਰਾਫਿਕ ਡਿਜ਼ਾਈਨ ਸਮੇਤ ਵੱਖ-ਵੱਖ ਹੁਨਰ ਸ਼ਾਮਲ ਹਨ। ਇਨ੍ਹਾਂ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਸਕਿੱਲ ਇੰਡੀਆ ਡਿਜੀਟਲ ਹੱਬ ਪੋਰਟਲ ’ਤੇ ਸ਼ੁਰੂ ਹੋ ਚੁੱਕੀ ਹੈ।
ਏ.ਡੀ.ਸੀ. ਨੇ ਕਿਹਾ ਕਿ ਵੱਖ-ਵੱਖ ਸਕਿੱਲਜ ਲਈ ਨਿਰਧਾਰਤ ਉਮਰ ਯੋਗਤਾ ਅਨੁਸਾਰ ਨੌਜਵਾਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਯੋਗਤਾ ਅਤੇ ਰੁਚੀ ਅਨੁਸਾਰ ਸਕਿੱਲ ਦੀ ਚੋਣ ਕਰਕੇ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣ।
ਉਨ੍ਹਾਂ ਦੱਸਿਆ ਕਿ ਇੱਛੁਕ ਉਮੀਦਵਾਰ ਸਕਿੱਲ ਇੰਡੀਆ ਡਿਜੀਟਲ ਹੱਬ ਪੋਰਟਲ ’ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ ਅਤੇ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 15 ਸਤੰਬਰ 2026 ਹੈ। ਉਨ੍ਹਾਂ ਸਬੰਧਤ ਸੰਸਥਾਵਾਂ ਨੂੰ ਹਦਾਇਤ ਕੀਤੀ ਕਿ ਆਖਰੀ ਮਿਤੀ ਤੋਂ ਪਹਿਲਾਂ ਵੱਧ ਤੋਂ ਵੱਧ ਯੋਗ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇ।
ਮੀਟਿੰਗ ਵਿੱਚ ਜੀਵਨਜੀਤ ਸਿੰਘ, ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਮੈਨੇਜਰ ਮਨਪ੍ਰੀਤ ਕੌਰ, ਜ਼ਿਲ੍ਹਾ ਉਦਯੋਗ ਕੇਂਦਰ ਤੋਂ ਸੀਨੀਅਰ ਅਧਿਕਾਰੀ ਨਿਰਮਲ ਸਿੰਘ, ਕੁਲਵੰਤ ਸਿੰਘ ਭਲਾਈ ਅਫ਼ਸਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਆਈ.ਐਫ.ਐਸ. ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਲਵਕੇਸ਼ ਸਿੰਘ, ਲਾਅਨ ਕਲੱਬ ਮੋਗਾ ਦੇ ਪ੍ਰਤੀਨਿਧੀ ਵਿਕਾਸ ਸਿੰਗਲਾ, ਕੈਲੀਫੋਰਨੀਆ ਸਕੂਲ ਦੇ ਪ੍ਰਿੰਸੀਪਲ ਵੇਦ ਪ੍ਰਕਾਸ਼ ਅਤੇ ਕੈਮਬਰਿਜ ਸਕੂਲ ਮੋਗਾ ਦੇ ਪ੍ਰਤੀਨਿਧੀ ਹਾਜ਼ਰ ਸਨ।
ਉਹਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਮੋਗਾ ਦੇ ਮੈਨੇਜਰ ਮਨਪ੍ਰੀਤ ਕੌਰ ਨਾਲ 94651-59813 ਅਤੇ ਥੀਮੈਟਿਕ ਐਕਸਪਰਟ ਪੁੱਛਰਾਜ ਝਾਂਝਰਾਂ ਨਾਲ 7073911757 ’ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੀ.ਐਸ.ਡੀ.ਐਮ. ਬ੍ਰਾਂਚ, ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਕਮਰਾ ਨੰਬਰ ਸੀ-313-ਏ, ਤੀਜੀ ਮੰਜ਼ਿਲ, ਚਨਾਬ-ਜੇਹਲਮ ਬਿਲਡਿੰਗ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਗਾ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ।