ਖੇਤੀਬਾੜੀ ਵਿਭਾਗ ਵੱਲੋਂ ‘ਮਿਸ਼ਨ ਫਾਰ ਕਾਟਨ ਪ੍ਰੋਡਕਟੀਵਿਟੀ’ ਅਧੀਨ ਪਿੰਡ ਚੱਕ ਮਦਰੱਸਾ ਵਿਖੇ ‘ਖੇਤ ਦਿਵਸ’ ਦਾ ਆਯੋਜਨ
ਸ੍ਰੀ ਮੁਕਤਸਰ ਸਾਹਿਬ 30 ਜੁਲਾਈ
ਪੰਜਾਬ ਸਰਕਾਰ ਅਤੇ ਮੁੱਖ ਖੇਤੀਬਾੜੀ ਅਫਸਰ, ਸ਼੍ਰੀ ਮੁਕਤਸਰ ਸਾਹਿਬ ਡਾ. ਜਗਸੀਰ ਸਿੰਘ ਅਤੇ ਡਿਪਟੀ ਡਾਇਰੈਕਟਰ (ਕਪਾਹ) ਸ੍ਰੀ ਮੁਕਤਸਰ ਸਾਹਿਬ ਡਾ. ਚਰਨਜੀਤ ਸਿੰਘ ਦੇ ਦਿਸ਼ਾ—ਨਿਰਦੇਸ਼ਾਂ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ, ਸ਼੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਸ਼੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੇ ਸਰਕਲ ਬਧਾਈ ਦੇ ਪਿੰਡ ਚੱਕ ਮਦਰੱਸਾ ਵਿਖੇ ਮਿਸ਼ਨ ਫਾਰ ਕਾਟਨ ਪ੍ਰੋਡਕਟੀਵਿਟੀੋ ਅਧੀਨ ਖੇਤ ਦਿਵਸ (ਫ਼ੀਲਡ ਡੇ) ਆਯੋਜਿਤ ਕੀਤਾ ਗਿਆ।
ਇਸ ਮੌਕੇ ਡਾ. ਹਰਮਨਦੀਪ ਸਿੰਘ (ਏ.ਡੀ.ਓ.) ਨੇ ਨਰਮੇ/ਕਪਾਹ ਦੀ ਫਸਲ ਵਿੱਚ ਖਾਦਾਂ ਦੇ ਸਹੀ ਪ੍ਰਬੰਧਨ ਅਤੇ ਸੰਤੁਲਿਤ ਵਰਤੋਂ ਬਾਰੇ ਤਕਨੀਕੀ ਨੁਕਤੇ ਸਾਂਝੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਨਰਮੇ ਦੀ ਫਸਲ ਨੂੰ ਕੀੜੇ—ਮਕੌੜਿਆਂ (ਖਾਸ ਕਰਕੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ) ਦੇ ਹਮਲੇ ਤੋਂ ਬਚਾਉਣ ਲਈ ਸਰਵਪੱਖੀ ਕੀਟ ਪ੍ਰਬੰਧਨ ਦੇ ਅਹਿਮ ਨੁਕਤੇ ਦੱਸੇ।
ਉਹਨਾਂ ਕਿਸਾਨਾਂ ਨੂੰ ਖੇਤਾਂ ਵਿੱਚੋਂ ਨਦੀਨਾਂ ਦੀ ਸਾਫ—ਸਫਾਈ ਰੱਖਣ ਅਤੇ ਨਰਮੇ ਦੀ ਫਸਲ ਦਾ ਲਗਾਤਾਰ ਸਰਵੇਖਣ (ਨਿਰੀਖਣ) ਕਰਦੇ ਰਹਿਣ ਲਈ ਆਖਿਆ ਤਾਂ ਜੋ ਕੀੜੇ—ਮਕੌੜਿਆਂ ਦਾ ਖਾਸ ਧਿਆਨ ਰੱਖਿਆ ਜਾ ਸਕੇ। ਉਹਨਾਂ ਨੇ ਜ਼ੋਰ ਦੇ ਕੇ ਸਲਾਹ ਦਿੱਤੀ ਕਿ ਖੇਤਾਂ ਵਿੱਚ ਪੀ.ਏ.ਯੂ. ਵੱਲੋਂ ਸਿਫਾਰਸ਼ ਕੀਤੀਆਂ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦਾ ਹੀ ਸਪ੍ਰੇਅ ਕੀਤਾ ਜਾਵੇ।
ਡਾ. ਸ਼ਵਿੰਦਰ ਸਿੰਘ, ਏ.ਡੀ.ਓ. (ਜ. ਕ.) ਵੱਲੋਂ ਮਹਿਕਮੇ ਦੀਆਂ ਚੱਲ ਰਹੀਆਂ ਵੱਖ—ਵੱਖ ਕਿਸਾਨ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਵਿਸ਼ੇਸ਼ ਤੌਰ ੋਤੇ ਸੁਚੇਤ ਕਰਦਿਆਂ ਅਪੀਲ ਕੀਤੀ ਕਿ ਉਹ ਬਾਜ਼ਾਰ ਵਿੱਚੋਂ ਕੋਈ ਵੀ ਬੀਜ, ਖਾਦ ਜਾਂ ਖੇਤੀ ਦਵਾਈਆਂ (ਇਨਪੁੱਟਸ) ਖਰੀਦਣ ਸਮੇਂ ਦੁਕਾਨਦਾਰ ਤੋਂ ਉਸ ਦਾ ਪੱਕਾ ਬਿੱਲ ਜ਼ਰੂਰ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਪੀ.ਐਮ. ਕਿਸਾਨ ਯੋਜਨਾ ਅਤੇ ਫਾਰਮਰ ਰਜਿਸਟਰੀ ਕਰਵਾਉਣ ਦੀ ਪ੍ਰਕਿਰਿਆ ਬਾਰੇ ਵੀ ਜਾਗਰੂਕ ਕੀਤਾ। ਇਸ ਖੇਤ ਦਿਵਸ ਦਾ ਸਾਰਾ ਸੁਚੱਜਾ ਪ੍ਰਬੰਧ ਸਵਰਨਜੀਤ ਸਿੰਘ (ਸਹਾਇਕ ਟੈਕਨਾਲੋਜੀ ਮੈਨੇਜਰ) ਅਤੇ ਦੀਪਇੰਦਰ ਸਿੰਘ (ਫੀਲਡ ਮੈਨ) ਵੱਲੋਂ ਕੀਤਾ ਗਿਆ। ਇਸ ਮੌਕੇ ਪਿੰਡ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ