ਖਰੜ
7 ਜੁਲਾਈ
ਖਰੜ ਨੇੜੇ ਭਾਰਤ ਮਾਲਾ ਐਕਸਪ੍ਰੈਸ ਹਾਈਵੇ ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਇੱਕ ਨਵ-ਵਿਆਹਿਆ ਜੋੜਾ ਅਤੇ ਇੱਕ ਬਜ਼ੁਰਗ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਜੋੜੇ ਦਾ ਵਿਆਹ ਸਿਰਫ਼ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ।ਇਹ ਦਰਦਨਾਕ ਹਾਦਸਾ ਖਰੜ ਨੇੜੇ ਭਾਰਤ ਮਾਲਾ ਐਕਸਪ੍ਰੈਸ ਹਾਈਵੇ ‘ਤੇ ਟੋਲ ਪਲਾਜ਼ਾ ਦੇ ਕੋਲ ਵਾਪਰਿਆ। ਜਾਣਕਾਰੀ ਮੁਤਾਬਕ ਇੱਕ ਟਰਾਲਾ ਹਾਈਵੇ ‘ਤੇ ਜਾ ਰਿਹਾ ਸੀ, ਜਿਸ ਦੇ ਚਾਲਕ ਵੱਲੋਂ ਅਚਾਨਕ ਬਰੇਕ ਲਗਾ ਦਿੱਤੀ ਗਈ। ਟਰਾਲੇ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਪਿੱਛੇ ਆ ਰਹੀ ਕਾਰ ਆਪਣਾ ਸੰਤੁਲਨ ਨਹੀਂ ਬਣਾ ਸਕੀ ਅਤੇ ਤੇਜ਼ ਟੱਕਰ ਨਾਲ ਟਰਾਲੇ ਦੇ ਪਿੱਛੇ ਜਾ ਵੱਜੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਸਵਾਰ ਤਿੰਨਾਂ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲਿਆਂ ਵਜੋਂ ਕੀਤੀ ਗਈ ਹੈ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਘੜੂੰਆਂ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਟਰਾਲਾ ਚਾਲਕ ਦੀ ਭੂਮਿਕਾ ਸਮੇਤ ਪੂਰੇ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।