ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਚੈਨੇਵਾਲਾ ਵਿੱਚ ਦੇਰ ਰਾਤ ਵਾਪਰੀ ਇੱਕ ਦਰਦਨਾਕ ਘਟਨਾ ਵਿੱਚ ਚਾਚੇ-ਭਤੀਜੇ ਦੀ ਮੌਤ ਹੋ ਗਈ, ਜਦਕਿ ਇੱਕ ਛੋਟੀ ਬੱਚੀ ਮੌਤ ਦੇ ਮੂੰਹੋਂ ਬਚ ਨਿਕਲੀ। ਮਿਲੀ ਜਾਣਕਾਰੀ ਅਨੁਸਾਰ, ਪਿਛਲੇ ਕਈ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ 34 ਸਾਲਾ ਨੌਜਵਾਨ ਬਲਜੀਤ ਸਿੰਘ ਪੁੱਤਰ ਸੰਪੂਰਨ ਸਿੰਘ, ਉਸ ਦਾ 10 ਸਾਲਾ ਭਤੀਜਾ ਰਨਜੋਤ ਸਿੰਘ, ਅਤੇ ਉਸ ਦੀ ਭਤੀਜੀ ਹਰਕੀਰਤ ਕੌਰ (4) ਘਰ ਵਿੱਚ ਇੱਕੋ ਮੰਜੇ ’ਤੇ ਸੁੱਤੇ ਹੋਏ ਸਨ। ਇਸ ਦੌਰਾਨ ਅਚਾਨਕ ਛੱਤ ਢਹਿ ਗਈ। ਮਲਬੇ ਹੇਠਾਂ ਦਬਣ ਕਾਰਨ ਬਲਜੀਤ ਸਿੰਘ ਅਤੇ ਉਸਦਾ ਭਤੀਜਾ ਰਨਜੋਤ ਸਿੰਘ ਦੀ ਮੌਤ ਹੋ ਗਈ, ਜਦਕਿ ਛੋਟੀ ਬੱਚੀ ਹਰਕੀਰਤ ਕੌਰ ਚਮਤਕਾਰਿਕ ਢੰਗ ਨਾਲ ਸੁਰੱਖਿਅਤ ਬਚ ਗਈ। ਪੁਲਿਸ ਨੇ ਮ੍ਰਿਤਕ ਬਲਜੀਤ ਸਿੰਘ ਦੇ ਵੱਡੇ ਭਰਾ ਗੁਰਮੇਲ ਸਿੰਘ ਪੁੱਤਰ ਸੰਪੂਰਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਧਾਰਾ 174 ਸੀ.ਆਰ.ਪੀ.ਸੀ. ਅਧੀਨ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਵਾਂ ਮ੍ਰਿਤਕਾਂ ਦੇ ਲਾਸ਼ਾ ਨੂੰ ਸਰਦੂਲਗੜ੍ਹ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕੀਤਾ ਜਾਵੇਗਾ।