ਚੰਡੀਗੜ੍ਹ, 16 ਜੁਲਾਈ : ਪੰਜਾਬ ਵਿਧਾਨ ਸਭਾ ਦੇ ਹਾਲੀਆ ਸੈਸ਼ਨ ਨੂੰ ਇਤਿਹਾਸਕ ਦੱਸਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਦੁਆਰਾ ਪੇਸ਼ ਕੀਤੇ ਸਾਰੇ ਬਿੱਲ, ਐਕਟ ਅਤੇ ਮਤੇ ਸਰਬਸੰਮਤੀ ਨਾਲ ਪਾਸ ਹੋਣਾ ‘ਆਪ’ ਦੀ ਦੂਰਦਰਸ਼ੀ ਅਤੇ ਲੋਕ-ਪੱਖੀ ਪਹੁੰਚ ਦਾ ਪ੍ਰਮਾਣ ਹੈ। ਚੀਮਾ ਨੇ ਕਿਹਾ ਕਿ ਆਪਣੇ ਦੋ ਕਾਰਜਕਾਲਾਂ ਦੌਰਾਨ ਪਹਿਲੀ ਵਾਰ ਸਾਰੇ ਵਿਧਾਨਕ ਮਾਮਲੇ ਪੂਰੀ ਸਹਿਮਤੀ ਨਾਲ ਪਾਸ ਹੋਏ ਹਨ, ਜੋ ਸਰਕਾਰ ਦੀ ਯੋਜਨਾਬੱਧ, ਸੰਵੇਦਨਸ਼ੀਲ ਅਤੇ ਇਮਾਨਦਾਰ ਕਾਰਜਸ਼ੈਲੀ ਨੂੰ ਦਰਸਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਸੈਸ਼ਨ ਦੇ ਦੌਰਾਨ “ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025” ਵਿਸਥਾਰਤ ਚਰਚਾ ਤੋਂ ਬਾਅਦ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਨੂੰ ਭੇਜਿਆ ਗਿਆ, ਜਿਸ ਨਾਲ ਸਭ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਮਜ਼ਬੂਤ ਕਾਨੂੰਨੀ ਰਾਹ ਹਮੇਸ਼ਾ ਲਈ ਸਾਫ਼ ਹੋਵੇਗਾ। ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵੱਲੋਂ ਪੇਸ਼ ਮਤੇ ਨੂੰ ਵੀ ਸਰਬਸੰਮਤੀ ਮਿਲੀ, ਜਿਸ ਵਿੱਚ ਬੀਬੀਐਮਬੀ ਅਦਾਰਿਆਂ ਵਿੱਚ ਸੀਆਈਐਸਐਫ ਦੀ ਤਾਇਨਾਤੀ ਦਾ ਵਿਰੋਧ ਕੀਤਾ ਗਿਆ। ਚੀਮਾ ਨੇ ਦੱਸਿਆ ਕਿ ਕਾਂਗਰਸ ਨੇ ਵੀ ਆਪਣੀ ਪੁਰਾਣੀ ਗਲਤੀ ਨੂੰ ਸੁਧਾਰਦੇ ਹੋਏ ਇਸ ਮਤੇ ਦਾ ਸਮਰਥਨ ਕੀਤਾ।
ਉਨ੍ਹਾਂ ਦੱਸਿਆ ਕਿ ਸੈਸ਼ਨ ਦੌਰਾਨ “ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ, ਹੁਸ਼ਿਆਰਪੁਰ ਬਿੱਲ-2025” ਅਤੇ “ਸੀਜੀਸੀ ਯੂਨੀਵਰਸਿਟੀ, ਮੋਹਾਲੀ ਬਿੱਲ-2025” ਨੂੰ ਵੀ ਸਰਬਸੰਮਤੀ ਮਿਲੀ, ਜਿਸ ਨਾਲ ਰਾਜ ਦੇ ਉੱਚ ਸਿੱਖਿਆ ਖੇਤਰ ਨੂੰ ਮਜ਼ਬੂਤੀ ਮਿਲੇਗੀ। ਚੀਮਾ ਨੇ “ਪੰਜਾਬ ਦੁਕਾਨਾਂ ਅਤੇ ਵਪਾਰਕ ਅਦਾਰੇ ਬਿੱਲ 2025” ਬਾਰੇ ਕਿਹਾ ਕਿ 1958 ਤੋਂ ਬਾਅਦ ਪਹਿਲੀ ਵਾਰ ਸੋਧ ਕਰਕੇ ਛੋਟੇ ਕਾਰੋਬਾਰੀਆਂ ਨੂੰ ਇੰਸਪੈਕਟਰ ਰਾਜ ਤੋਂ ਮੁਕਤੀ ਮਿਲੇਗੀ। “ਪੰਜਾਬ ਲੇਬਰ ਵੈਲਫੇਅਰ ਫੰਡ ਬਿੱਲ, 2025” ਵੀ ਸਰਬਸੰਮਤੀ ਨਾਲ ਪਾਸ ਹੋਇਆ, ਜਿਸ ਨਾਲ ਮਜ਼ਦੂਰਾਂ ਦੀ ਭਲਾਈ ਅਤੇ ਉਦਯੋਗਾਂ ਦੀ ਕਾਰਜਸ਼ੀਲਤਾ ਦੋਵਾਂ ਨੂੰ ਫ਼ਾਇਦਾ ਹੋਵੇਗਾ।
ਚੀਮਾ ਨੇ “ਦੀ ਪ੍ਰੀਵੈਨਸ਼ੰਨ ਆਫ ਕਰੁਏਲਟੀ ਟੂ ਐਨੀਮਲਜ਼ (ਪੰਜਾਬ ਸੋਧਨਾ) ਬਿਲ, 2025” ਬਾਰੇ ਦੱਸਿਆ ਕਿ ਇਹ ਕਿਲਾ ਰਾਏਪੁਰ ਦੀਆਂ ਬੈਲਗੱਡੀ ਦੌੜਾਂ ਨੂੰ ਕਾਨੂੰਨੀ ਸੁਰੱਖਿਆ ਦੇਵੇਗਾ, ਜਿਸ ਨਾਲ ਪੰਜਾਬ ਦੀ ਲੋਕ ਸੱਭਿਆਚਾਰਕ ਵਿਰਾਸਤ ਦਾ ਸੰਰੱਖਣ ਹੋਵੇਗਾ। ਉਨ੍ਹਾਂ ਆਪਣੇ ਵਿਭਾਗ ਦੇ “ਪੰਜਾਬ ਸਟੇਟ ਡਿਵੈਲਪਮੈਂਟ ਟੈਕਸ (ਸੋਧ) ਬਿੱਲ, 2025”, ਜਿਸ ਨਾਲ ਇੱਕਮੁਸ਼ਤ ਭੁਗਤਾਨ ਕਰਨ ਵਾਲਿਆਂ ਨੂੰ 200 ਰੁਪਏ ਦੀ ਛੋਟ ਮਿਲੇਗੀ, ਅਤੇ “ਪੰਜਾਬ ਨਮਿੱਤਣ ਐਕਟਸ (ਰਪੀਲ) ਬਿੱਲ, 2025” ਦਾ ਵੀ ਜ਼ਿਕਰ ਕੀਤਾ, ਜਿਸ ਨਾਲ ਕਈ ਪੁਰਾਣੇ ਕਾਨੂੰਨ ਰੱਦ ਹੋਣਗੇ।
ਆਖਿਰ ਵਿੱਚ, ਵਿੱਤ ਮੰਤਰੀ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤੇ ਹੋਈ ਵਿਸਥਾਰਤ ਚਰਚਾ ਬਾਰੇ ਦੱਸਿਆ, ਜਿਸ ਵਿੱਚ ਸਾਰੀਆਂ ਪਾਰਟੀਆਂ ਨੇ ਸਰਬਸੰਮਤੀ ਨਾਲ ਨਸ਼ੇ ਖ਼ਤਮ ਕਰਨ ਲਈ ਸਹਿਯੋਗ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਇਹ ਸੈਸ਼ਨ ਪੰਜਾਬ ਦੀ ਭਲਾਈ ਅਤੇ ਸਰਕਾਰ ਦੀ ਲੋਕ-ਪੱਖੀ ਪਹੁੰਚ ਨੂੰ ਦਰਸਾਉਂਦਾ ਹੈ।