ਖੇਡ ਡੈਸਕ: ਯਸ਼ੱਸਵੀ ਜੈਸਵਾਲ (101), ਕਪਤਾਨ ਸ਼ੁਭਮਨ ਗਿੱਲ (ਨਾਬਾਦ 127) ਅਤੇ ਉਪ ਕਪਤਾਨ ਰਿਸ਼ਭ ਪੰਤ (ਨਾਬਾਦ 65) ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਇਥੇ ਇੰਗਲੈਂਡ ਵਿਰੁੱਧ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਲੜੀ ਦੇ ਪਹਿਲੇ ਮੈਚ ਦੇ ਪਹਿਲੇ ਦਿਨ 85 ਓਵਰਾਂ ਵਿੱਚ ਸਿਰਫ 3 ਵਿਕਟਾਂ ਦੇ ਨੁਕਸਾਨ ‘ਤੇ 359 ਦੌੜਾਂ ਜੋੜ ਲਈਆਂ ਹਨ।
ਗਿੱਲ ਅਤੇ ਪੰਤ ਨੇ ਚੌਥੀ ਵਿਕਟ ਲਈ 138 ਦੌੜਾਂ ਦੀ ਅਟੂੱਟ ਸਾਂਝ ਬਣਾਈ। ਇੰਗਲੈਂਡ ਵੱਲੋਂ ਬੈਨ ਸਟੋਕਸ ਨੇ 2 ਜਦਕਿ ਬ੍ਰਾਈਡਨ ਕਾਰਸ ਨੇ 1 ਵਿਕਟ ਲਈ।
ਜੈਸਵਾਲ ਨੇ 144 ਗੇਂਦਾਂ ਖੇਡਦਿਆਂ ਆਪਣਾ ਪੰਜਵਾਂ ਟੈਸਟ ਸੈਂਕੜਾ ਪੂਰਾ ਕੀਤਾ। ਉਨ੍ਹਾਂ ਦੀ ਇਹ ਇਨਿੰਗਜ਼ 64 ਚੌਕਿਆਂ ਅਤੇ 1 ਛੱਕੇ ਨਾਲ ਸਜੀ ਹੋਈ ਸੀ। ਪਿਛਲੇ ਸਾਲ ਇੰਗਲੈਂਡ ਵਿਰੁੱਧ ਘਰੇਲੂ ਲੜੀ ਵਿੱਚ 712 ਦੌੜਾਂ ਬਣਾਉਣ ਵਾਲੇ ਜੈਸਵਾਲ ਨੇ ਇੱਥੇ ਵੀ ਆਪਣੀ ਸ਼ਾਨਦਾਰ ਲੈਅ ਜਾਰੀ ਰੱਖੀ।
ਦੂਜੇ ਪਾਸੇ, ਕਪਤਾਨ ਗਿੱਲ ਨੇ ਆਪਣੀ ਨਾਬਾਦ 127 ਦੌੜਾਂ ਦੀ ਇਨਿੰਗਜ਼ ਦੌਰਾਨ 16 ਚੌਕੇ ਅਤੇ 1 ਛੱਕਾ ਮਾਰਿਆ, ਜਦਕਿ ਪੰਤ ਨੇ 65 ਦੌੜਾਂ ਦੀ ਨਾਬਾਦ ਪਾਰੀ ‘ਚ 6 ਚੌਕੇ ਅਤੇ 2 ਛੱਕੇ ਲਾਏ।
ਸ਼ੁਰੂਆਤੀ ਬੱਲੇਬਾਜ਼ ਕੇਐੱਲ ਰਾਹੁਲ ਨੇ ਵੀ 42 ਦੌੜਾਂ ਜੋੜੀਆਂ, ਪਰ ਉਨ੍ਹਾਂ ਨੂੰ ਜੋ ਰੂਟ ਨੇ ਸਲਿਪ ‘ਚ ਸ਼ਾਨਦਾਰ ਕੈਚ ਫੜ ਕੇ ਆਉਟ ਕੀਤਾ। ਇਹ ਰੂਟ ਦੇ ਟੈਸਟ ਕਰੀਅਰ ਦਾ 209ਵਾਂ ਕੈਚ ਸੀ, ਅਤੇ ਹੁਣ ਉਹ ਭਾਰਤ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਦੇ 210 ਕੈਚਾਂ ਦੇ ਕੀਰਤਿਮਾਨ ਤੋਂ ਸਿਰਫ ਇੱਕ ਕਦਮ ਦੂਰ ਹਨ।
ਦੂਜੇ ਪਾਸੇ, ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਬੀ. ਸਾਈ ਸੁਧਰਸ਼ਨ ਖਾਤਾ ਖੋਲ੍ਹਣ ਤੋਂ ਪਹਿਲਾਂ ਹੀ ਚੌਥੀ ਗੇਂਦ ‘ਤੇ ਆਉਟ ਹੋ ਕੇ ਵਾਪਸ ਪੈਵਿਲੀਅਨ ਚਲੇ ਗਏ।