ਬਰਾਸ: ਪਿੰਡ ਬਰਾਸ ਨਾਲ ਸੰਬੰਧਤ 35 ਸਾਲਾ ਨੌਜਵਾਨ ਹਰਪ੍ਰੀਤ ਸਿੰਘ, ਜੋ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਸੀ, ਉਸ ਦੀ ਲਾਸ਼ ਅੱਜ ਖਨੌਰੀ ਵਿਖੇ ਭਾਖੜਾ ਨਹਿਰ ਤੋਂ ਬਰਾਮਦ ਹੋਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ, ਹਰਪ੍ਰੀਤ ਲੰਬੇ ਸਮੇਂ ਤੋਂ ਆਰਥਿਕ ਮੰਦਹਾਲੀ ਕਾਰਨ ਮਾਨਸਿਕ ਤਣਾਅ ‘ਚ ਸੀ।
ਜਾਣਕਾਰੀ ਮੁਤਾਬਕ, 14 ਜੂਨ ਨੂੰ ਉਹ ਕੰਮ ‘ਤੇ ਜਾਣ ਦੇ ਬਹਾਨੇ ਘਰੋਂ ਨਿਕਲਿਆ ਸੀ, ਪਰ ਉਸ ਦੀ ਮੋਟਰਸਾਈਕਲ, ਮੋਬਾਈਲ ਅਤੇ ਜੁੱਤੀ ਪਿੰਡ ਬੂਟਾ ਸਿੰਘ ਵਾਲਾ ਦੇ ਨੇੜੇ ਭਾਖੜਾ ਨਹਿਰ ਦੇ ਕੰਢੇ ਮਿਲੀਆਂ ਸਨ। ਇਨ੍ਹਾਂ ਚਿੰਨ੍ਹਾਂ ਤੋਂ ਇਹ ਅਣਦਾਜ਼ਾ ਲਾਇਆ ਗਿਆ ਕਿ ਉਸ ਨੇ ਨਹਿਰ ‘ਚ ਛਾਲ ਮਾਰ ਲਈ ਹੋ ਸਕਦੀ ਹੈ।
ਅੱਜ ਪੁਲਿਸ ਨੂੰ ਉਸ ਦੀ ਲਾਸ਼ ਖਨੌਰੀ ਹੈੱਡ ਤੋਂ ਮਿਲੀ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਖੇਮ ਚੰਦ ਨੇ ਦੱਸਿਆ ਕਿ ਘਟਨਾ ਦੀ ਜਾਂਚ ਮੁਕੰਮਲ ਕਰ ਲੈਣ ਤੋਂ ਬਾਅਦ ਮਾਮਲਾ ਧਾਰਾ 174 ਤਹਿਤ ਦਰਜ ਕਰ ਲਿਆ ਗਿਆ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਸਾਂ ਨੂੰ ਸੌਂਪ ਦਿੱਤਾ ਗਿਆ ਹੈ।