ਵੈਨਕੂਵਰ: ਟੋਰਾਂਟੋ ਪੁਲੀਸ ਨੇ “ਪ੍ਰੋਜੈਕਟ ਫੇਅਰ” ਦੇ ਅਧੀਨ ਚਲ ਰਹੀ ਜਾਂਚ ਦੇ ਤਹਿਤ ਵੱਡੀ ਕਾਰਵਾਈ ਕਰਦਿਆਂ 5 ਭਾਰਤੀਆਂ ਸਮੇਤ 11 ਲੋਕਾਂ ਨੂੰ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਨਕਲੀ ਟੈਕਸੀ ਚਲਾਕ ਬਣ ਕੇ ਸਵਾਰੀਆਂ ਨਾਲ ਧੋਖਾ ਕਰਦੇ ਸਨ।
ਪੁਲੀਸ ਅਨੁਸਾਰ, ਇਨ੍ਹਾਂ ਲੋਕਾਂ ਦਾ ਗਿਰੋਹ ਆਪਣੀ ਗੱਡੀ ਨੂੰ ਟੈਕਸੀ ਵਾਂਗ ਦਿਖਾ ਕੇ ਸਵਾਰੀਆਂ ਨੂੰ ਭਰਮਾਉਂਦਾ ਸੀ। ਸਫ਼ਰ ਦੌਰਾਨ ਕਿਰਾਇਆ ਵਸੂਲ ਕਰਦੇ ਸਮੇਂ ਇਹ ਲੋਕ ਚਲਾਕੀ ਨਾਲ ਯਾਤਰੀ ਦਾ ਏਟੀਐੱਮ ਕਾਰਡ ਲੈ ਕੇ, ਪਿੰਨ ਨੰਬਰ ਪੁੱਛ ਕੇ ਕਾਰਡ ਬਦਲ ਦਿੰਦੇ ਸਨ। ਬਾਅਦ ਵਿੱਚ ਉਹ ਅਸਲੀ ਕਾਰਡ ਦੀ ਵਰਤੋਂ ਕਰਕੇ ਉਨ੍ਹਾਂ ਦੇ ਖਾਤਿਆਂ ਤੋਂ ਵੱਡੀ ਰਕਮ ਕੱਢ ਲੈਂਦੇ ਸਨ। ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਲਗਭਗ 300 ਲੋਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਕਰੀਬ 5 ਲੱਖ ਕਨੇਡੀਆਈ ਡਾਲਰ (ਭਾਰਤੀ ਕਰੰਸੀ ਵਿੱਚ ਲਗਭਗ 3 ਕਰੋੜ ਰੁਪਏ) ਦੀ ਚੋਰੀ ਕੀਤੀ।
ਪੁਲੀਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਨਾਗਰਿਕਾਂ ਵਿੱਚ ਇਕਜੋਤ ਨਾਹਲ (22), ਹਰਜੋਬਨ ਨਾਹਲ (25), ਹਰਪ੍ਰੀਤ ਸਿੰਘ (24), ਗੁਰਨੂਰ ਰੰਧਾਵਾ (20) ਅਤੇ ਗੌਰਵ ਤਾਕ (23) ਸ਼ਾਮਲ ਹਨ। ਪੁਲੀਸ ਬੁਲਾਰੇ ਡੇਵਿਡ ਕੌਫੀ ਦੇ ਅਨੁਸਾਰ, ਦੋਸ਼ੀਆਂ ਕੋਲੋਂ ਸੈਂਕੜੇ ਡੈਬਿਟ ਕਾਰਡ, ਸਕੈਮਿੰਗ ਮਸ਼ੀਨਾਂ ਅਤੇ ਹੋਰ ਸਾਜ਼ੋ-ਸਾਮਾਨ ਬਰਾਮਦ ਕੀਤਾ ਗਿਆ ਹੈ। ਪੁਲੀਸ ਨੇ ਇਹ ਵੀ ਖੁਲਾਸਾ ਕੀਤਾ ਕਿ ਇਹ ਗਿਰੋਹ ਆਮ ਕਾਰਾਂ ‘ਤੇ ਟੈਕਸੀ ਦੇ ਸਟੀਕਰ ਲਾ ਕੇ ਲੋਕਾਂ ਨੂੰ ਠੱਗਦਾ ਸੀ। ਇਸ ਤਰੀਕੇ ਦੀ ਧੋਖਾਧੜੀ ਸਬੰਧੀ 300 ਤੋਂ ਵੱਧ ਸ਼ਿਕਾਇਤਾਂ ਪੁਲੀਸ ਕੋਲ ਦਰਜ ਹੋਈਆਂ ਹਨ।