ਉੱਤਰਾਖੰਡ: ਉੱਤਰਾਖੰਡ ਵਿਚ ਕੇਦਾਰਨਾਥ ਮੰਦਰ ਵੱਲ ਜਾਂਦੇ ਪੈਦਲ ਰਸਤੇ ‘ਤੇ ਅੱਜ ਸਵੇਰੇ ਜੰਗਲਚੱਟੀ ਨੇੜੇ ਇਕ ਬਰਸਾਤੀ ਨਾਲੇ ਕੋਲ ਡਿੱਗੀਆਂ ਢਿੱਗਾਂ ਕਾਰਨ ਦੋ ਪਾਲਕੀ ਵਾਹਕ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਵਿਅਕਤੀ, ਜਿਨ੍ਹਾਂ ਵਿਚ ਇਕ ਗੁਜਰਾਤੀ ਯਾਤਰੀ ਵੀ ਸ਼ਾਮਲ ਹੈ, ਜ਼ਖ਼ਮੀ ਹੋ ਗਏ।
ਪੁਲਿਸ ਦੇ ਅਨੁਸਾਰ ਮ੍ਰਿਤਕਾਂ ਦੀ ਪਛਾਣ ਨਿਤਿਨ ਕੁਮਾਰ ਅਤੇ ਚੰਦਰਸ਼ੇਖਰ ਵਜੋਂ ਹੋਈ ਹੈ ਜੋ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਨਾਲ ਸੰਬੰਧਤ ਸਨ ਅਤੇ ਪਾਲਕੀ ਵਾਹਕ ਦੇ ਤੌਰ ‘ਤੇ ਕੰਮ ਕਰ ਰਹੇ ਸਨ। ਜ਼ਖ਼ਮੀਆਂ ਵਿਚ ਸੰਦੀਪ ਕੁਮਾਰ ਤੇ ਨਿਤਿਨ ਮਨਹਾਸ, ਦੋਵੇਂ ਡੋਡਾ ਤੋਂ ਹਨ, ਜਦਕਿ ਤੀਸਰਾ ਜ਼ਖ਼ਮੀ ਵਿਅਕਤੀ ਗੁਜਰਾਤ ਦੇ ਭਾਵਨਗਰ ਦਾ ਯਾਤਰੀ ਅਕਾਸ਼ ਚਿਤਰੀਆ ਹੈ।
ਰੁਦਰਪ੍ਰਯਾਗ ਦੇ ਐੱਸਪੀ ਅਕਸ਼ੈ ਪ੍ਰਹਿਲਾਦ ਕੋਡੇ ਮੁਤਾਬਕ ਇਹ ਹਾਦਸਾ ਸਵੇਰੇ ਲਗਭਗ 11:20 ਵਜੇ ਵਾਪਰਿਆ, ਜਦੋਂ ਪਹਾੜੀ ਤੋਂ ਮਲਬਾ ਅਤੇ ਪੱਥਰਾਂ ਦੀ ਢਿੱਗ ਪੈਦਲ ਰਸਤੇ ਉੱਤੇ ਡਿੱਗ ਪਏ। ਇਸ ਕਾਰਨ ਚਾਰ ਪਾਲਕੀ ਵਾਹਕ ਅਤੇ ਇਕ ਯਾਤਰੀ ਖੱਡ ਵਿੱਚ ਜਾ ਡਿੱਗੇ।
ਸੂਚਨਾ ਮਿਲਣ ‘ਤੇ ਪੁਲਿਸ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਬਲ (SDRF) ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਬਚਾਅ ਦੌਰਾਨ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਖੱਡ ਤੋਂ ਬਾਹਰ ਕੱਢਣ ਵਿੱਚ ਕਾਫੀ ਦਿੱਕਤ ਆਈ। ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜ਼ਖ਼ਮੀ ਲੋਕਾਂ ਨੂੰ ਤੁਰੰਤ ਗੌਰੀਕੁੰਡ ਦੇ ਹਸਪਤਾਲ ਭੇਜਿਆ ਗਿਆ। ਐੱਸਪੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਯਾਤਰੀਆਂ ਦੀ ਚਲਚਲਾਅ ਪੁਲਿਸ ਦੀ ਸੁਰੱਖਿਆ ਹੇਠ ਜਾਰੀ ਰੱਖੀ ਗਈ ਹੈ।