ਵਰਕ ਆਰਡਰ ਪਾਸ ਹੋਣ ਦੇ ਬਾਵਜੂਦ ਫੰਡਾਂ ਦੀ ਘਾਟ ਕਾਰਨ ਨਹੀਂ ਸ਼ੁਰੂ ਹੋਇਆ ਕੰਮ
ਲੁਧਿਆਣਾ : ਦਾਦ ਪਿੰਡ ਸਥਿਤ ਸਨਰਾਈਜ਼ ਕਲੋਨੀ, ਸਨਰਾਈਜ਼ ਕਲੋਨੀ ਐਕਸਟੈਂਸ਼ਨ ਅਤੇ ਕਿਰਨ ਵਿਹਾਰ ਦੇ ਵਸਨੀਕਾਂ ਨੇ ਕੀ’ਜ਼ ਹੋਟਲ ਤੋਂ ਅਗਾਜ਼ ਹੋਟਲ ਚੌਕ ਤੱਕ ਕਰੀਬ ਦੋ ਕਿਲੋਮੀਟਰ ਲੰਬੀ ਸੜਕ ਦੇ ਜਲਦ ਨਿਰਮਾਣ ਦੀ ਮੰਗ ਕੀਤੀ ਹੈ। ਸੜਕ ਦੀ ਖਸਤਾ ਹਾਲਤ ਕਾਰਨ ਇਲਾਕਾ ਵਾਸੀਆਂ ਨੂੰ ਲੰਮੇ ਸਮੇਂ ਤੋਂ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਸਨੀਕਾਂ ਦਾ ਕਹਿਣਾ ਹੈ ਕਿ ਸੜਕ ‘ਤੇ ਥਾਂ-ਥਾਂ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਸ ਕਾਰਨ ਹਰ ਸਮੇਂ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਬਰਸਾਤ ਦੌਰਾਨ ਸੜਕ ‘ਤੇ ਪਾਣੀ ਭਰ ਜਾਣ ਕਾਰਨ ਆਉਣ-ਜਾਣ ਵਿੱਚ ਹੋਰ ਵੀ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਖ਼ਾਸ ਕਰਕੇ ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਲਈ ਮੰਡੀ ਬੋਰਡ ਵੱਲੋਂ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਡਿਵੀਜ਼ਨ-1 ਰਾਹੀਂ ਵਰਕ ਆਰਡਰ ਪਾਸ ਕੀਤਾ ਜਾ ਚੁੱਕਾ ਹੈ, ਪਰ ਫੰਡਾਂ ਦੀ ਘਾਟ ਕਾਰਨ ਅਜੇ ਤੱਕ ਨਿਰਮਾਣ ਕਾਰਜ ਸ਼ੁਰੂ ਨਹੀਂ ਹੋ ਸਕਿਆ।