ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਦਰਸ਼ਨ ਸਿੰਘ ਧਾਲੀਵਾਲ ਨੇ ਸਨਮਾਨਿਤ ਖਿਡਾਰੀਆਂ ਨੂੰ 25-25 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ; ਐਸੋਸੀਏਸ਼ਨ ਨੂੰ 04 ਲੱਖ ਰੁਪਏ ਦੇਣ ਦਾ ਐਲਾਨ
2027 ਦੀ ਕੌਮੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਪੰਜਾਬ ਨੂੰ ਮਿਲੀ, ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਨੂੰ ਸੌਂਪਿਆ ਫੈਡਰੇਸ਼ਨ ਦਾ ਝੰਡਾ
ਪੰਜਾਬ ਦੇ ਰਜਿਸਟਰਡ ਸਾਈਕਲਿਸਟਾਂ ਅਤੇ ਕੋਚਾਂ ਦਾ ਸਮੂਹਿਕ ਬੀਮਾ ਕਰਵਾਏਗੀ ਐਸੋਸੀਏਸ਼ਨ
ਰਾਂਚੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਨੂੰ ਮਿਲਿਆ ‘ਬੈਸਟ ਫੇਅਰ ਪਲੇਅ ਐਵਾਰਡ’
ਪਟਿਆਲਾ:- ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਅੱਜ ਪਟਿਆਲਾ ਦੇ ਸੂਰਿਆ ਕੰਪਲੈਕਸ ਸਥਿਤ ਆਪਣੇ ਦਫ਼ਤਰ ਵਿਖੇ ਕਰਵਾਏ ਸਮਾਗਮ ਦੌਰਾਨ ਰਾਂਚੀ (ਝਾਰਖੰਡ) ਵਿੱਚ ਹੋਈ ਕੌਮੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਨਵਾਂ ਕੌਮੀ ਰਿਕਾਰਡ ਬਣਾਉਣ ਵਾਲੀ ਪੰਜਾਬ ਦੀ ਸਬ-ਜੂਨੀਅਰ ਲੜਕੀਆਂ ਦੀ ਟੀਮ ਅਤੇ ਤਗਮਾ ਜੇਤੂ ਲੜਕਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਦੀ ਟੀਮ ਦੇ ਕੋਚਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ, ਉੱਘੇ ਉਦਯੋਗਪਤੀ ਅਤੇ ਕੌਮਾਂਤਰੀ ਪੱਧਰ ’ਤੇ ਸਮਾਜ ਸੇਵਾ ਨਾਲ ਜੁੜੇ ਦਰਸ਼ਨ ਸਿੰਘ ਧਾਲੀਵਾਲ ਨੇ ਸਨਮਾਨਿਤ ਖਿਡਾਰੀਆਂ ਨੂੰ 25-25 ਹਜ਼ਾਰ ਰੁਪਏ ਦੇ ਨਕਦ ਇਨਾਮ ਭੇਟ ਕੀਤੇ ਅਤੇ ਐਸੋਸੀਏਸ਼ਨ ਨੂੰ 04 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਖ਼ਜ਼ਾਨਚੀ ਬੀ. ਐੱਸ. ਸੂਦਨ ਅਤੇ ਉਪ ਪ੍ਰਧਾਨ ਐੱਸ. ਪੀ. ਸਿੰਘ ਵੀ ਹਾਜ਼ਰ ਸਨ।
ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪੰਜਾਬ ਦੀਆਂ ਸਬ-ਜੂਨੀਅਰ ਖਿਡਾਰਨਾਂ ਨੇ ਟੀਮ ਸਪ੍ਰਿੰਟ ਮੁਕਾਬਲੇ ਵਿੱਚ ਸੱਤ ਸਾਲ ਪੁਰਾਣਾ ਕੌਮੀ ਰਿਕਾਰਡ ਤੋੜਦਿਆਂ ਸੋਨ ਤਗਮਾ ਜਿੱਤਿਆ। ਇਸ ਰਿਕਾਰਡਧਾਰੀ ਟੀਮ ਵਿੱਚ ਜਪਨੀਤ ਕੌਰ (ਪਿਤਾ ਜਗਦੀਪ ਸਿੰਘ, ਮਾਤਾ ਸੁਖਜਿੰਦਰ ਕੌਰ), ਪਲਕਪ੍ਰੀਤ ਕੌਰ (ਪਿਤਾ ਬਲਜਿੰਦਰ ਸਿੰਘ, ਮਾਤਾ ਹਰਪ੍ਰੀਤ ਕੌਰ), ਗੁਨਤਾਸ ਸੰਧੂ (ਪਿਤਾ ਗੁਰਮੀਤ ਸਿੰਘ, ਮਾਤਾ ਪੂਨਮਦੀਪ ਕੌਰ) ਅਤੇ ਪ੍ਰੀਤੀ ਸ਼ਾਹ (ਪਿਤਾ ਗਣੇਸ਼ ਸ਼ਾਹ, ਮਾਤਾ ਰੇਣੂ ਦੇਵੀ) ਸ਼ਾਮਲ ਸਨ।
ਸਮਾਗਮ ਦੌਰਾਨ ਪੰਜਾਬ ਦੀ ਟੀਮ ਦੇ ਮੁੱਖ ਕੋਚ ਸਤਵਿੰਦਰ ਸਿੰਘ, ਕੋਚ ਭੁਪਿੰਦਰ ਕੁਮਾਰ ਤੇ ਇਕਵਿੰਦਰ ਸਿੰਘ ਅਤੇ ਮਹਿਲਾ ਕੋਚ ਹਰਪ੍ਰੀਤ ਕੌਰ ਨੂੰ ਖਿਡਾਰੀਆਂ ਦੀ ਸਿਖਲਾਈ ਅਤੇ ਮਾਰਗਦਰਸ਼ਨ ਲਈ ਸਨਮਾਨਿਤ ਕੀਤਾ ਗਿਆ।
ਕਾਹਲੋਂ ਨੇ ਦੱਸਿਆ ਕਿ ਸੀਨੀਅਰ ਪੁਰਸ਼ਾਂ ਦੇ 10 ਕਿਲੋਮੀਟਰ ਸਕ੍ਰੈਚ ਮੁਕਾਬਲੇ ਵਿੱਚ ਪੰਜਾਬ ਦੇ ਹਰਸ਼ਵੀਰ ਸਿੰਘ ਸੇਖੋਂ ਨੇ ਸੋਨ ਤਗਮਾ ਜਿੱਤਿਆ। ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਇਸੇ ਚੈਂਪੀਅਨਸ਼ਿਪ ਦੌਰਾਨ ਪੰਜਾਬ ਦੀ ਟੀਮ ਨੂੰ ਖੇਡ ਭਾਵਨਾ ਅਤੇ ਅਨੁਸ਼ਾਸਨ ਲਈ ‘ਬੈਸਟ ਫੇਅਰ ਪਲੇਅ ਐਵਾਰਡ’ ਵੀ ਦਿੱਤਾ ਗਿਆ।
ਕਾਹਲੋਂ ਨੇ ਦੱਸਿਆ ਕਿ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਨੇ 2027 ਦੀ ਕੌਮੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਪੰਜਾਬ ਨੂੰ ਸੌਂਪੀ ਹੈ। ਇਹ ਚੈਂਪੀਅਨਸ਼ਿਪ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਕਰਵਾਈ ਜਾਵੇਗੀ। ਸਮਾਗਮ ਦੌਰਾਨ ਮੇਜ਼ਬਾਨ ਰਾਜ ਨੂੰ ਦਿੱਤਾ ਜਾਣ ਵਾਲਾ ਫੈਡਰੇਸ਼ਨ ਦਾ ਝੰਡਾ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਨੂੰ ਭੇਟ ਕੀਤਾ ਗਿਆ।
ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਕੋਚਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਬ-ਜੂਨੀਅਰ ਲੜਕੀਆਂ ਦਾ ਕੌਮੀ ਰਿਕਾਰਡ ਉਨ੍ਹਾਂ ਦੀ ਲਗਾਤਾਰ ਮਿਹਨਤ ਅਤੇ ਕੋਚਾਂ ਵੱਲੋਂ ਦਿੱਤੀ ਸਿਖਲਾਈ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀ ਕਾਰਜਕਾਰਨੀ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਵਿੱਚ ਸਾਈਕਲਿੰਗ ਨੂੰ ਮੁੜ ਪ੍ਰਫੁੱਲਤ ਕਰਨ ਲਈ ਕੰਮ ਕਰ ਰਹੀ ਹੈ।
ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪੰਜਾਬ ਨੂੰ ਮਿਲੀ ਮੇਜ਼ਬਾਨੀ ਐਸੋਸੀਏਸ਼ਨ ਲਈ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦੌਰਾਨ ਮੁਕਾਬਲਿਆਂ ਦੇ ਸੁਚੱਜੇ ਸੰਚਾਲਨ ਅਤੇ ਦੇਸ਼ ਭਰ ਤੋਂ ਆਉਣ ਵਾਲੇ ਖਿਡਾਰੀਆਂ ਦੀਆਂ ਲੋੜਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਪੰਜਾਬ ਦੀ ਟੀਮ ਨੂੰ ‘ਬੈਸਟ ਫੇਅਰ ਪਲੇਅ ਐਵਾਰਡ’ ਮਿਲਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਅਤੇ ਖੇਡ ਭਾਵਨਾ ਨਾਲ ਪੰਜਾਬ ਦਾ ਮਾਣ ਵਧਾਇਆ ਹੈ।
ਮੁੱਖ ਸਰਪ੍ਰਸਤ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਤੂਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕਰਨ ਦਾ ਮਕਸਦ ਉਨ੍ਹਾਂ ਦੀ ਮਿਹਨਤ ਦੀ ਕਦਰ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਧੀਆਂ ਵੱਲੋਂ ਸੱਤ ਸਾਲ ਪੁਰਾਣਾ ਕੌਮੀ ਰਿਕਾਰਡ ਤੋੜਨਾ ਉਨ੍ਹਾਂ ਬੱਚੀਆਂ ਲਈ ਪ੍ਰੇਰਣਾ ਹੈ ਜੋ ਸਾਈਕਲਿੰਗ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਰਹੀਆਂ ਹਨ।
ਐਸੋਸੀਏਸ਼ਨ ਦੇ ਖ਼ਜ਼ਾਨਚੀ ਬੀ. ਐੱਸ. ਸੂਦਨ ਨੇ ਕਿਹਾ, “ਕੌਮੀ ਪੱਧਰ ’ਤੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਦੇਣਾ ਉਨ੍ਹਾਂ ਦੀ ਮਿਹਨਤ ਦੀ ਕਦਰ ਕਰਨ ਦਾ ਇੱਕ ਤਰੀਕਾ ਹੈ। ਇਸ ਮੌਕੇ ਕੋਚਾਂ ਦਾ ਸਨਮਾਨ ਕਰਕੇ ਐਸੋਸੀਏਸ਼ਨ ਨੇ ਖਿਡਾਰੀਆਂ ਦੀ ਤਿਆਰੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਵੀ ਮਾਨਤਾ ਦਿੱਤੀ ਹੈ।”
ਐਸੋਸੀਏਸ਼ਨ ਦੇ ਉਪ ਪ੍ਰਧਾਨ ਐੱਸ. ਪੀ. ਸਿੰਘ ਨੇ ਕਿਹਾ, “ਸਾਡੀਆਂ ਸਬ-ਜੂਨੀਅਰ ਖਿਡਾਰਨਾਂ ਨੇ ਟੀਮ ਸਪ੍ਰਿੰਟ ਵਿੱਚ ਸੱਤ ਸਾਲ ਪੁਰਾਣਾ ਕੌਮੀ ਰਿਕਾਰਡ ਤੋੜ ਕੇ ਪੰਜਾਬ ਦੀਆਂ ਹੋਰ ਧੀਆਂ ਨੂੰ ਸਾਈਕਲਿੰਗ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ। 2027 ਦੀ ਕੌਮੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਨਾਲ ਪੰਜਾਬ ਦੇ ਉੱਭਰਦੇ ਸਾਈਕਲਿਸਟਾਂ ਨੂੰ ਕੌਮੀ ਪੱਧਰ ਦੇ ਮੁਕਾਬਲੇ ਨੇੜਿਓਂ ਵੇਖਣ ਅਤੇ ਤਜਰਬੇਕਾਰ ਖਿਡਾਰੀਆਂ ਤੋਂ ਸਿੱਖਣ ਦਾ ਮੌਕਾ ਮਿਲੇਗਾ।”
ਜਗਦੀਪ ਸਿੰਘ ਕਾਹਲੋਂ ਨੇ ਐਲਾਨ ਕੀਤਾ ਕਿ ਐਸੋਸੀਏਸ਼ਨ ਆਪਣੇ ਕੋਲ ਰਜਿਸਟਰਡ ਪੰਜਾਬ ਦੇ ਸਾਰੇ ਸਾਈਕਲਿਸਟਾਂ ਅਤੇ ਕੋਚਾਂ ਦਾ ਸਮੂਹਿਕ ਬੀਮਾ ਕਰਵਾਏਗੀ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਹਾਦਸੇ ਦੀ ਸੂਰਤ ਵਿੱਚ ਖਿਡਾਰੀਆਂ, ਕੋਚਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਰਾ ਦੇਣਾ ਹੈ।
ਕਾਹਲੋਂ ਨੇ ਪੰਜਾਬ ਵਿੱਚ ਸਾਈਕਲਿੰਗ ਦੇ ਵਿਕਾਸ ਲਈ ਸਹਿਯੋਗ ਦੇਣ ਵਾਸਤੇ ਮੁੱਖ ਸਰਪ੍ਰਸਤ ਦਰਸ਼ਨ ਸਿੰਘ ਧਾਲੀਵਾਲ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਚੇਅਰਮੈਨ ਉਂਕਾਰ ਸਿੰਘ ਅਤੇ ਫੈਡਰੇਸ਼ਨ ਦੇ ਸਕੱਤਰ ਜਨਰਲ ਮਨਿੰਦਰਪਾਲ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਆਸਟ੍ਰੇਲੀਆ ਵੱਸਦੀ ਏਸ਼ਿਆਈ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗਮਾ ਜੇਤੂ ਕੁਲਵਿੰਦਰ ਕੌਰ ਅਤੇ ਕੈਨੇਡਾ ਵੱਸਦੇ ਸਾਬਕਾ ਕੌਮੀ ਸਾਈਕਲਿਸਟ ਸੰਦੀਪ ਬਜਾਜ ਵੱਲੋਂ ਦਿੱਤੇ ਜਾ ਰਹੇ ਨਿਰੰਤਰ ਸਹਿਯੋਗ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਐੱਨ.ਐੱਸ.ਐੱਨ.ਆਈ.ਐੱਸ., ਪਟਿਆਲਾ ਦੇ ਮੁੱਖ ਸਾਈਕਲਿੰਗ ਕੋਚ ਜੋਗਿੰਦਰ ਸਿੰਘ, ਕੌਮਾਂਤਰੀ ਸਾਈਕਲਿਸਟ ਗੁਰਮੀਤ ਸਿੰਘ, ਸਤਬੀਰ ਸਿੰਘ, ਖੇਡ ਪ੍ਰਮੋਟਰ ਜਸਪਾਲ ਸਿੰਘ, ਐਸੋਸੀਏਸ਼ਨ ਦੇ ਅਹੁਦੇਦਾਰ ਰਾਜੇਸ਼ ਕੁਮਾਰ ਬਿੱਟੂ ਅਤੇ ਬ੍ਰਿਜ ਅਸ਼ੋਕ ਅਰੋੜਾ ਵੀ ਹਾਜ਼ਰ ਸਨ।