ਅੰਮ੍ਰਿਤਸਰ:- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਰਾਤ ਦੇ ਸਮੇਂ ਵਲੌਗ ਬਣਾਉਣ ਪਹੁੰਚੇ ਇੱਕ ਵਲੌਗਰ ਨਾਲ ਪਹਿਰੇਦਾਰਾਂ ਵੱਲੋਂ ਬਦਸਲੂਕੀ ਕੀਤੀ ਗਈ । ਵਲੌਗਰ ਨੌਜਵਾਨ ਦਾ ਦੋਸ਼ ਹੈ ਕਿ ਪਹਿਰੇਦਾਰਾਂ ਨੇ ਉਸ ਦਾ ਕੈਮਰਾ ਖੋਹ ਲਿਆ, ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਹੱਥ ਮਰੋੜੇ । ਉਸ ਦੇ ਕੈਮਰੇ ਤੋਂ ਵੀਡੀਓ ਡਿਲੀਟ ਕਰ ਦਿੱਤੇ, ਜਿਹੜੇ ਉਸ ਨੇ ਮਿਹਨਤ ਅਤੇ ਪੈਸੇ ਖਰਚ ਕੇ ਬਣਾਏ ਸਨ।
ਇੰਨਾ ਹੀ ਨਹੀਂ ਵਲੌਗਰ ਨੌਜਵਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓ ਸ਼ੇਅਰ ਕਰਕੇ ਇਹ ਵੀ ਦੋਸ਼ ਲਾਇਆ ਹੈ ਕਿ ਪਹਿਰੇਦਾਰ ਉਸ ਨੂੰ ਇੱਕ ਕਮਰੇ ਵਿੱਚ ਲੈ ਗਏ, ਜਿੱਥੇ ਸਾਰੇ ਨਿਹੰਗਾਂ ਨੇ ਉਸ ਨੂੰ ਜ਼ਬਰਦਸਤੀ ਆਪਣੇ ਪੈਰਾਂ ਵਿੱਚ ਡੇਗਿਆ। ਸਾਰਿਆਂ ਨੇ ਉਸ ਨੂੰ ਪੈਰ ਛੂਹਣ ਲਈ ਮਜਬੂਰ ਕੀਤਾ। ਵਲੌਗਰ ਨੇ ਵੀਡੀਓ ਵਿੱਚ ਇਸ ਘਟਨਾ ਨੂੰ ਗੋਲਡਨ ਟੈਂਪਲ ਵਿੱਚ ਆਪਣਾ ਸਭ ਤੋਂ ਮਾੜਾ ਤਜਰਬਾ ਦੱਸਿਆ। ਆਖਿਰ ਵਿੱਚ ਉਸ ਨੇ ਅੰਮ੍ਰਿਤਸਰ ਆਉਣ ਵਾਲੇ ਟੂਰਿਸਟਾਂ ਨੂੰ ਚੇਤਾਵਨੀ ਦਿੱਤੀ ਕਿ ਗੋਲਡਨ ਟੈਂਪਲ ਬਹੁਤ ਖੂਬਸੂਰਤ ਹੈ, ਪਰ ਇੱਥੇ ਦੇ ਪਹਿਰੇਦਾਰ ਬਹੁਤ ਮਾੜੇ ਹਨ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਗੋਲਡਨ ਟੈਂਪਲ ਵਿੱਚ ਵੀਡੀਓਗ੍ਰਾਫੀ ਦੀ ਮਨਾਹੀ ਹੈ। ਜੇਕਰ ਕੋਈ ਅਜਿਹਾ ਕਰਦਾ ਹੋਇਆ ਪਾਇਆ ਜਾਂਦਾ ਹੈ ਤਾਂ ਪਹਿਰੇਦਾਰ ਉਸ ਨੂੰ ਰੋਕਦੇ ਹਨ, ਪਰ ਮਾਰ-ਕੁੱਟ ਨਹੀਂ ਕਰਦੇ।