ਸ਼ਹੀਦ ਦੀਆਂ ਲਿਖਤਾਂ, ਵਿਚਾਰਧਾਰਾ ਤੇ ਸ਼ਖ਼ਸੀਅਤ ਬਾਰੇ ਹੋਵੇਗੀ ਗੋਸ਼ਟੀ, ਕਵੀ ਦਰਬਾਰ ਤੇ ਸੰਗੀਤਕ ਪੇਸ਼ਕਾਰੀਆਂ
ਪਟਿਆਲਾ:- ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਕਰਵਾਇਆ ਜਾਵੇਗਾ। ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਬੱਸੀ ਗੁੱਜਰਾਂ (ਰੋਪੜ) ਵਿਖੇ ਕਰਵਾਏ ਜਾਣ ਵਾਲੇ ਇਸ ਸਮਾਗਮ ਦੌਰਾਨ ਜਿੱਥੇ ਵਿਦਵਾਨ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ, ਵਿਚਾਰਧਾਰਾ, ਸ਼ਹਾਦਤ ਤੇ ਸ਼ਖ਼ਸੀਅਤਾਂ ਵਿਚਾਰ ਚਰਚਾ ਕਰਨਗੇ ਉੱਥੇ ਇਨਕਲਾਬੀ ਰੰਗਤ ਵਾਲਾ ਗੀਤ-ਸੰਗੀਤ ਤੇ ਕਵੀ ਦਰਬਾਰ ਵੀ ਆਯੋਜਿਤ ਕੀਤਾ ਜਾਵੇਗਾ। ਇਹ ਸਮਾਗਮ ਆਈ.ਆਰ.ਸੀ.ਸੀ. ਗਰੁੱਪ ਆਫ਼ ਇੰਸੀਚਿਊਸ਼ਨਜ਼ ਬੱਸੀ ਗੁੱਜਰਾਂ ਵਿਖੇ ਸਵੇਰੇ 10 ਵਜੇ ਸ਼ੁਰੂ ਹੋਵੇਗਾ।
ਮਾਲਵਾ ਰੂਰਲ ਐਜ਼ੂਕੇਸ਼ਨ ਸੁਸਾਇਟੀ ਬੱਸੀ ਗੁੱਜ਼ਰਾਂ (ਰੋਪੜ) ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਸਮਾਗਮ ਦੌਰਾਨ ਇਤਿਹਾਸ ਦੇ ਉੱਘੇ ਖੋਜੀ ਐਡਵੋਕੇਟ ਸਰਬਜੀਤ ਸਿੰਘ ਵਿਰਕ ‘ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਤੇ ਸ਼ਖ਼ਸੀਅਤ’ ਬਾਰੇ ਵਿਸ਼ੇਸ਼ ਭਾਸ਼ਣ ਦੇਣਗੇ। ਸਾਬਕਾ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਅਤੇ ਸਾਬਕਾ ਉਪ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਪ੍ਰੋ. ਬਾਵਾ ਸਿੰਘ ਸਮਾਗਮ ਦੀ ਪ੍ਰਧਾਨਗੀ ਕਰਨਗੇ। ਸਮਾਗਮ ਦੇ ਦੂਸਰੇ ਪੜਾਅ ਦੌਰਾਨ ਕਵੀ ਦਰਬਾਰ ਤੇ ਗੀਤ-ਸੰਗੀਤ ਹੋਵੇਗਾ। ਉੱਘੇ ਕਵੀ ਸੁਰਜੀਤ ਜੱਜ, ਬਲਵਿੰਦਰ ਸੰਧੂ, ਅਵਤਾਰਜੀਤ, ਕੁਲਵਿੰਦਰ ਕੁੱਲਾ, ਰਬਿੰਦਰ ਰੱਬੀ, ਮੋਹਣੀ ਤੂਰ, ਸਲੀਮ ਸਿਕੰਦਰ, ਸੱਤਪਾਲ ਭੀਖੀ, ਸੰਤੋਖ ਸੁੱਖੀ, ਰਮਨ ਸੰਧੂ, ਸੁਸ਼ੀਲ ਦੁਸਾਂਝ ਤੇ ਲਾਭ ਚਤਾਮਲੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਸ਼ਖ਼ਸੀਅਤ ਬਾਰੇ ਕਾਵਿਤਾਵਾਂ ਪੇਸ਼ ਕਰਨਗੇ। ਮਾਲਵਾ ਹੇਕ ਸੰਗੀਤਕ ਮੰਡਲੀ ਜਗਦੀਸ਼ ਪਾਪੜਾ ਦੀ ਅਗਵਾਈ ’ਚ ਇਨਕਲਾਬੀ ਗੀਤ-ਸੰਗੀਤ ਪੇਸ਼ ਕਰਨਗੇ। ਸਮਾਗਮ ਵਿੱਚ ਉੱਘੇ ਚਿੰਤਕ ਡਾ. ਕੁਲਦੀਪ ਸਿੰਘ, ਫਿਲਮ ਅਦਾਕਾਰ ਗੁਰਪ੍ਰੀਤ ਭੰਗੂ ਅਤੇ ਮਲਕੀਤ ਰੌਣੀ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ।