ਹਲਕੇ ਦੇ ਹਰ ਵਾਰਡ ਅਤੇ ਪਿੰਡ ਵਿਚ ਪਹੁੰਚ ਕੇ ਮਾਨ ਦੇ ਮੁਨਾਫਿਆਂ ਤੋਂ ਲੋਕਾਂ ਨੂੰ ਕਰਵਾਵਾਂਗੇ ਜਾਣੂ- ਵਿਧਾਇਕ ਸ਼ੈਰੀ ਕਲਸੀ
ਲੋਕਾਂ ਨੇ ਮਾਨ ਸਰਕਾਰ ਦੇ ਮੁਨਾਫ਼ਿਆਂ ਦੀ ਕੀਤੀ ਸ਼ਲਾਘਾ
ਬਟਾਲਾ:- ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਨੇ ‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਤੋਂ ਜਾਣੂੰ ਕਰਵਾਉਣ ਲਈ ਬਟਾਲਾ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿੱਚ ਪਹੁੰਚੇ।
ਇਸ ਮੌਕੇ ਬੋਲਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਵੱਧ ਕੰਮ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ 4.5 ਸਾਲਾਂ ਦੇ ਕਾਰਜਕਾਰ ਦੌਰਾਨ ਅਨੇਕਾਂ ਹੀ ਵਿਕਾਸ ਤੇ ਲੋਕ ਭਲਾਈ ਦੇ ਕੰਮ ਕੀਤੇ ਹਨ। ਇਨ੍ਹਾਂ ਵਿਚ ਬਿਜਲੀ ਬਿੱਲਾਂ ਵਿਚ ਰਾਹਤ, ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ, ਸਰਕਾਰੀ ਸਕੂਲਾਂ ਵਿਚ ਮੁਫ਼ਤ ਸਿੱਖਿਆ, ਬੁਢਾਪਾ ਪੈਨਸ਼ਨ, ਆਮ ਆਦਮੀ ਕਲੀਨਿਕਾਂ ਵਿਚ ਮੁਫ਼ਤ ਟੈਸਟ ਤੇ ਦਵਾਈਆਂ, ਰਾਸ਼ਨ, ਮੁਫ਼ਤ ਤੀਰਥ ਯਾਤਰਾ, ਖੇਤੀ ਲਈ ਮੁਫ਼ਤ ਬਿਜਲੀ ਅਤੇ ਅਸ਼ੀਰਵਾਦ ਸਕੀਮ ਆਦਿ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕੋਈ ਸਿਆਸੀ ਪਾਰਟੀ ਆਪਣੇ ਕੰਮਾਂ ਦਾ ਰਿਪੋਰਟ ਕਾਰਡ ਲੈ ਕੇ ਸਿੱਧਾ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪਾਰਟੀ ਦੇ ਅਹੁਦੇਦਾਰ ਅਤੇ ਵਲੰਟੀਅਰ ਵੀ ਘਰ-ਘਰ ਪਹੁੰਚਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਹਲਕੇ ਦੇ ਹਰ ਵਾਰਡ ਅਤੇ ਪਿੰਡ ਵਿਚ ਪਹੁੰਚ ਕੇ ਮਾਨ ਦੇ ਮੁਨਾਫਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਗੇ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਲੋਕਾਂ ਦਾ ਪਿਆਰ, ਭਰੋਸਾ ਅਤੇ ਸਰਕਾਰ ਵੱਲੋਂ ਮਿਲੇ ਲਾਭਾਂ ਪ੍ਰਤੀ ਸੰਤੁਸ਼ਟੀ ਇਸ ਗੱਲ ਦੀ ਗਵਾਹੀ ਹੈ ਕਿ ਜਦੋਂ ਸਰਕਾਰ ਲੋਕਾਂ ਦੇ ਦਰਵਾਜ਼ੇ ਤੱਕ ਪਹੁੰਚਦੀ ਹੈ, ਤਾਂ ਲੋਕ ਵੀ ਦਿਲੋਂ ਆਪਣਾ ਸਾਥ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਸਿਰਤੋੜ ਯਤਨ ਕਰੇਗੀ ਅਤੇ ਹਰ ਵਿਕਾਸ ਦੇ ਕੰਮ ਪਾਰਟੀਬਾਜ਼ੀ ਅਤੇ ਬਿਨਾਂ ਕਿਸੇ ਭੇਦ ਭਾਵ ਦੇ ਪਹਿਲਾਂ ਦੀ ਤਰ੍ਹਾਂ ਕੀਤੇ ਜਾਣਗੇ।ਇਸ ਦੌਰਾਨ ਲੋਕਾਂ ਨੇ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਮੇਅਰ ਭੁਪਿੰਦਰ ਸਿੰਘ ਬਾਜਵਾ, ਚੇਅਰਮੈਨ ਯਸ਼ਪਾਲ ਚੌਹਾਨ, ਚੇਅਰਮੈਨ ਮਾਨਿਕ ਮਹਿਤਾ, ਪ੍ਰਧਾਨ ਵੀਨੂੰ ਕਾਹਲੋਂ, ਹਨੀ ਚੌਹਾਨ, ਮਨਜੀਤ ਸਿੰਘ ਬੁਮਰਾਹ, ਅਮਰੀਕ ਸਿੰਘ ਲੰਬੜਦਾਰ, ਗੁਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।