ਸ਼੍ਰੀ ਹਰਗੋਬਿੰਦਪੁਰ ਸਾਹਿਬ/ਬਟਾਲਾ:- ਡਿਪਟੀ ਕਮਿਸ਼ਨਰ ਗੁਰਦਾਸਪੁਰ ਅਦਿੱਤਿਆ ਉਪਲ ਦੀਆਂ ਹਦਾਇਤਾਂ ਤਹਿਤ ਬਲਾਕ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਘੁਮਾਣ ਦੇ ਕਮਿਊਨਿਟੀ ਸੈਂਟਰ ਵਿਖੇ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਕੈਂਪ ਵਿੱਚ ਹਾਜ਼ਰ ਆਸ਼ਾ ਵਰਕਰਾਂ ਦੇ ਸੁਪਰਵਾਈਜ਼ਰ ਮੈਡਮ ਪਰਮਜੀਤ ਕੌਰ ਵੱਲੋਂ ਕੈਂਪ ਦੀ ਸ਼ੁਰੂਆਤ ਕੀਤੀ ਗਈ।
ਬਲਾਕ ਦੇ ਵੱਖ ਵੱਖ ਪਿੰਡਾਂ ਤੋਂ ਆਏ ਆਸ਼ਾ ਵਰਕਰਾਂ ਨਾਲ ਗੱਲਬਾਤ ਕਰਦਿਆ ਰਜਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਬਲਾਕ ਇੰਚਾਰਜ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਪਰਾਲੀ ਨੂੰ ਖੇਤਾਂ ਵਿੱਚ ਅੱਗ ਨਹੀਂ ਲਗਾਉਣੀ ਚਾਹੀਦੀ ਸਗੋਂ ਇਸ ਨੂੰ ਖੇਤਾਂ ਵਿੱਚ ਹੀ ਵਾਹ ਕੇ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ ਜਿਸ ਨਾਲ ਸਾਡੇ ਖੇਤਾਂ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ।
ਗੱਲਬਾਤ ਕਰਦਿਆ ਉਹਨਾਂ ਨੇ ਕਿਹਾ ਕਿ ਜਿਵੇਂ ਤੁਸੀਂ ਸਾਰੇ ਸਿਹਤ ਵਿਭਾਗ ਨਾਲ ਜੁੜੇ ਹੋਏ ਹੋ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਰਾਲੀ ਸਾੜਨ ਦੇ ਨਾਲ ਸਿੱਧਾ ਸਿੱਧਾ ਸਾਡੀ ਸਾਰਿਆਂ ਦੀ ਸਿਹਤ ਤੇ ਅਸਰ ਹੁੰਦਾ ਹੈ ਪਰਾਲੀ ਸਾੜਨ ਨਾਲ ਕਈ ਨੁਕਸਾਨਦਾਇਕ ਗੈਸਾਂ ਨਿਕਲਦੀਆਂ ਹਨ ਜਿਸ ਨਾਲ ਕਈ ਭਿਆਨਕ ਬਿਮਾਰੀਆਂ ਹੋਂਦ ਵਿੱਚ ਆਉਂਦੀਆਂ ਅਤੇ ਪਿਛਲੇ ਸਾਲਾਂ ਤੋਂ ਬਹੁਤ ਸਾਰੀਆਂ ਬਿਮਾਰੀਆਂ ਦੇਖਣ ਨੂੰ ਮਿਲ ਰਹੀਆਂ ਸੋ ਸਾਡੇ ਸਾਰਿਆਂ ਦਾ ਇਹ ਫਰਜ਼ ਹੈ ਕਿ ਆਪਾਂ ਸਾਰੇ ਅੱਜ ਇੱਥੋਂ ਇਹ ਸੰਕਲਪ ਲੈ ਕੇ ਜਾਣ ਕਿ ਤੁਸੀਂ ਆਪਣੇ ਆਪਣੇ ਪਿੰਡਾਂ ਵਿੱਚ ਡੋਰ ਟੂ ਡੋਰ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਕਿਸਾਨ ਵੀਰ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾ ਕੇ ਕਣਕ ਦੀ ਬਿਜਾਈ ਕਰਨ ਤਾਂ ਜੋ ਇਸ ਨਾਲ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਖੇਤੀ ਮਸ਼ੀਨਰੀ ਸੰਬੰਧੀ ਉਹਨਾਂ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਇਸ ਵਾਰ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾਕਟਰ ਸ਼ਾਹਬਾਜ਼ ਸਿੰਘ ਚੀਮਾ ਵੱਲੋਂ ਬਲਾਕ ਨੂੰ ਇਸ ਸਾਲ ਬਹੁਤ ਹੀ ਜਿਆਦਾ ਗਿਣਤੀ ਵਿੱਚੋਂ ਲਗਭਗ 220 ਮਸ਼ੀਨਾਂ ਸਬਸਿਡੀ ਤੇ ਦਿੱਤੀਆਂ ਗਈਆਂ ਹਨ। ਕੈਂਪ ਦੌਰਾਨ ਸਾਰਿਆਂ ਨੂੰ ਅਪੀਲ ਕੀਤੀ ਗਈ ਕਿ ਆਪਾਂ ਸਾਰੇ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਕਣਕ ਦੀ ਬਜਾਈ ਕਰੀਏ ਤਾਂ ਜੋ ਆਪਣੇ ਖੇਤਾਂ ਦੀ ਉਪਜਾਊ ਸ਼ਕਤੀ ਵਧਾ ਸਕੀਏ ਅਤੇ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਇਸ ਦੌਰਾਨ ਉਹਨਾਂ ਨੇ ਸਾਰਿਆਂ ਨੂੰ ਸੁਨੇਹਾ ਦਿੱਤਾ ਕਿ ਕਿਸਾਨ ਵੀਰ ਫਾਰਮਰ ਰਜਿਸਟਰੀ ਤਹਿਤ ਕਿਸਾਨ ਆਈਡੀਆ ਜਲਦ ਤੋਂ ਜਲਦ ਬਣਵਾਉਣ। ਕਿਉਂਕਿ ਇਸ ਦੇ ਅਧਾਰ ਤੇ ਹੀ ਕਿਸਾਨਾਂ ਵੀਰ ਕਿਸੇ ਵੀ ਸਕੀਮ ਦਾ ਲਾਹਾ ਲੈ ਸਕਦੇ ਹਨ।
ਕੈਂਪ ਵਿੱਚ ਰਣਵੀਰ ਸਿੰਘ, ਰਣਜੀਤ ਕੌਰ, ਰਾਜਵਿੰਦਰ ਕੌਰ, ਅਨੀਤਾ ਰਾਣੀ, ਲਵਪ੍ਰੀਤ ਕੌਰ, ਕੁਲਵਿੰਦਰ ਸ਼ਰਮਾ ਆਦਿ ਹਾਜ਼ਰ ਸਨ।