ਵਪਾਰੀਆਂ ਦੀਆਂ ਮੰਗਾਂ ਅਤੇ ਬਾਜ਼ਾਰਾਂ ਦੇ ਵਿਕਾਸ ਸਬੰਧੀ ਹੋਈ ਅਹਿਮ ਚਰਚਾ
ਬਟਾਲਾ: ਪੰਜਾਬ ਟ੍ਰੇਡ ਕਮਿਸ਼ਨ ਹਲਕਾ ਬਟਾਲਾ ਦੇ ਚੇਅਰਮੈਨ ਕਿਰਪਾਲ ਸਿੰਘ ਉਦੋਵਾਲੀ ਦੀ ਆਮ ਆਦਮੀ ਪਾਰਟੀ ਦੇ ਨੈਸ਼ਨਲ ਐਗਜ਼ੈਕਟਿਵ ਮੈਂਬਰ ਅਤੇ ਪੰਜਾਬ ਸਟੇਟ ਦੇ ਅਬਜ਼ਰਵਰ ਆਦਿਲ ਅਹਿਮਦ ਖਾਨ ਨਾਲ ਪੰਜਾਬ ਭਵਨ, ਚੰਡੀਗੜ੍ਹ ਵਿਖੇ ਬਹੁਤ ਹੀ ਸੁਹਾਵਣੇ ਅਤੇ ਸੌਹਰਦਪੂਰਨ ਮਾਹੌਲ ਵਿੱਚ ਵਿਸ਼ੇਸ਼ ਮੁਲਾਕਾਤ ਹੋਈ। ਇਸ ਮੌਕੇ ਪੰਜਾਬ ਦੇ ਵਪਾਰੀਆਂ ਅਤੇ ਖਾਸ ਤੌਰ ’ਤੇ ਬਟਾਲਾ ਸ਼ਹਿਰ ਦੇ ਬਾਜ਼ਾਰਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਉਨ੍ਹਾਂ ਦੇ ਸਥਾਈ ਹੱਲਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਚੇਅਰਮੈਨ ਕਿਰਪਾਲ ਸਿੰਘ ਨੇ ਬਟਾਲਾ ਦੇ ਵਪਾਰੀਆਂ ਦੀਆਂ ਮੁੱਖ ਲੋੜਾਂ ਅਤੇ ਸਮੱਸਿਆਵਾਂ ਨੂੰ ਆਦਿਲ ਅਹਿਮਦ ਖਾਨ ਦੇ ਧਿਆਨ ਵਿੱਚ ਲਿਆਂਦਾ। ਉਨ੍ਹਾਂ ਦੱਸਿਆ ਕਿ ਬਾਜ਼ਾਰਾਂ ਵਿੱਚ ਸਾਫ਼-ਸੁਥਰੀਆਂ ਅਤੇ ਆਧੁਨਿਕ ਸਹੂਲਤਾਂ ਦੀ ਲੋੜ ਹੈ, ਜਿਸ ਵਿੱਚ ਪੁਰਸ਼ਾਂ ਅਤੇ ਮਹਿਲਾਵਾਂ ਲਈ ਵੱਖ-ਵੱਖ ਜਨਤਕ ਲੈਟਰੀਨਾਂ, ਪੀਣ ਵਾਲੇ ਠੰਡੇ ਅਤੇ ਸ਼ੁੱਧ ਪਾਣੀ ਲਈ ਵਾਟਰ ਕੂਲਰ ਅਤੇ ਆਰ.ਓ. ਸਿਸਟਮ, ਬਾਜ਼ਾਰਾਂ ਵਿੱਚ ਸੁਰੱਖਿਅਤ ਬਿਜਲੀ ਪ੍ਰਬੰਧ, ਨੀਵੀਆਂ ਅਤੇ ਨੰਗੀਆਂ ਬਿਜਲੀ ਦੀਆਂ ਤਾਰਾਂ ਦਾ ਹੱਲ ਅਤੇ ਹੋਰ ਬੁਨਿਆਦੀ ਸਹੂਲਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨਾਲ ਵਪਾਰੀ ਵਰਗ ਵਿੱਚ ਭਰੋਸਾ ਅਤੇ ਸੰਤੁਸ਼ਟੀ ਦਾ ਮਾਹੌਲ ਬਣਿਆ ਹੈ।
ਇਸ ਮੌਕੇ ਆਦਿਲ ਅਹਿਮਦ ਖਾਨ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਪਾਰੀਆਂ ਦੀ ਭਲਾਈ ਅਤੇ ਬਾਜ਼ਾਰਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਵਪਾਰੀਆਂ ਦੀਆਂ ਲੋੜਾਂ ਅਤੇ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਜਾਰੀ ਕੀਤੇ ਜਾ ਰਹੇ ਫੰਡਾਂ ਰਾਹੀਂ ਬੁਨਿਆਦੀ ਸਹੂਲਤਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਸਮੱਸਿਆਵਾਂ ਦਾ ਜਲਦ ਨਿਪਟਾਰਾ ਕਰਵਾਇਆ ਜਾਵੇਗਾ।
ਚੇਅਰਮੈਨ ਕਿਰਪਾਲ ਸਿੰਘ ਨੇ ਪੰਜਾਬ ਸਰਕਾਰ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਜ਼ਾਰਾਂ ਵਿੱਚ ਵਪਾਰੀਆਂ ਦੀਆਂ ਬੁਨਿਆਦੀ ਸਹੂਲਤਾਂ ਲਈ ਜਾਰੀ ਕੀਤੇ ਜਾ ਰਹੇ ਫੰਡ ਵਪਾਰੀ ਭਾਈਚਾਰੇ ਲਈ ਬਹੁਤ ਲਾਭਕਾਰੀ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਟ੍ਰੇਡ ਕਮਿਸ਼ਨ ਹਲਕਾ ਬਟਾਲਾ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ।
ਇਸ ਮੌਕੇ ਟ੍ਰੇਡ ਕਮਿਸ਼ਨ ਚੇਅਰਮੈਨ ਪੰਜਾਬ ਚੇਅਰਮੈਨ ਅਨਿਲ ਠਾਕੁਰਵਅਤੇ ਸਰਦਾਰ ਰਣਜੀਤ ਪਾਲ ਸਿੰਘ ਜੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਉਨ੍ਹਾਂ ਟ੍ਰੇਡ ਕਮਿਸ਼ਨ ਹਲਕਾ ਬਟਾਲਾ ਵੱਲੋਂ ਵਪਾਰੀਆਂ ਦੇ ਹਿੱਤਾਂ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਵੀ ਵਪਾਰੀ ਭਾਈਚਾਰੇ ਅਤੇ ਟ੍ਰੇਡ ਕਮਿਸ਼ਨ ਬਟਾਲਾ ਦੀ ਹਰ ਸੰਭਵ ਮਦਦ ਲਈ ਹਮੇਸ਼ਾ ਤਿਆਰ ਰਹਿਣਗੇ।