ਮੋਗਾ ਜ਼ਿਲ੍ਹੇ ਵਿੱਚ 9 ਤੋਂ 18 ਸਤੰਬਰ ਤੱਕ ਹੋਣਗੀਆਂ ਬਲਾਕ ਪੱਧਰੀ ਖੇਡਾਂ
ਖਿਡਾਰੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ
ਏ.ਡੀ.ਸੀ. ਵੱਲੋਂ ਸਬੰਧਤ ਵਿਭਾਗਾਂ ਨਾਲ ਮੀਟਿੰਗ- ਤਿਆਰੀਆਂ ਦਾ ਲਿਆ ਜਾਇਜ਼ਾ
ਮੋਗਾ : ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੇਡ ਭਾਵਨਾ ਨੂੰ ਹੋਰ ਹੁਲਾਰਾ ਦੇਣ ਲਈ ਕੱਢੀ ਜਾ ਰਹੀ ਮਸ਼ਾਲ ਮਾਰਚ 4 ਸਤੰਬਰ ਨੂੰ ਫਰੀਦਕੋਟ ਤੋਂ ਮੋਗਾ ਜ਼ਿਲ੍ਹੇ ਵਿੱਚ ਦਾਖ਼ਲ ਹੋਵੇਗੀ। ਮਸ਼ਾਲ ਮਾਰਚ ਸਮਾਲਸਰ ਵਿਖੇ ਪਹੁੰਚਣ ਉਪਰੰਤ ਬਾਘਾਪੁਰਾਣਾ, ਜੋਗਿੰਦਰ ਸਿੰਘ ਚੌਂਕ ਅਤੇ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰਾਹੀਂ ਗੁਜ਼ਰਦੀ ਹੋਈ ਗੋਧੇਵਾਲਾ ਇੰਡੋਰ ਸਟੇਡੀਅਮ ਮੋਗਾ ਵਿਖੇ ਪਹੁੰਚੇਗੀ, ਜਿੱਥੇ ਮਸ਼ਾਲ ਦਾ ਪੂਰੇ ਮਾਣ-ਸਨਮਾਨ ਨਾਲ ਸਵਾਗਤ ਕੀਤਾ ਜਾਵੇਗਾ। 5 ਸਤੰਬਰ ਨੂੰ ਗੋਧੇਵਾਲਾ ਇੰਡੋਰ ਸਟੇਡੀਅਮ ਮੋਗਾ ਤੋਂ ਮਸ਼ਾਲ ਮਾਰਚ ਨੂੰ ਪਿੰਡ ਥਰਾਜ ਲਈ ਰਵਾਨਾ ਕੀਤਾ ਜਾਵੇਗਾ ਅਤੇ ਇਸ ਉਪਰੰਤ ਮਸ਼ਾਲ ਜ਼ਿਲ੍ਹਾ ਬਠਿੰਡਾ ਨੂੰ ਸੌਂਪੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਜਸਪਿੰਦਰ ਸਿੰਘ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਖਿਡਾਰੀ ਆਪਣੀ ਰਜਿਸਟ੍ਰੇਸ਼ਨ sports.punjab.gov.in ’ਤੇ ਕਰਵਾ ਸਕਦੇ ਹਨ। ਉਨ੍ਹਾਂ ਅੱਜ ਵੱਧ ਤੋਂ ਵੱਧ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਅਤੇ ਪੁਖਤਾ ਪ੍ਰਬੰਧਾਂ ਲਈ ਸਬੰਧਤ ਵਿਭਾਗਾਂ ਨਾਲ ਮੀਟਿੰਗ ਕੀਤੀ।
ਉਹਨਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡਾਂ 9 ਸਤੰਬਰ ਤੋਂ ਸ਼ੁਰੂ ਹੋ ਕੇ 18 ਸਤੰਬਰ ਤੱਕ ਚੱਲਣਗੀਆਂ। ਬਲਾਕ ਨਿਹਾਲ ਸਿੰਘ ਵਾਲਾ ਦੀਆਂ ਖੇਡਾਂ 9 ਅਤੇ 10 ਸਤੰਬਰ ਨੂੰ ਅਕਾਲੀ ਕਰਤਾਰ ਸਿੰਘ ਸਟੇਡੀਅਮ, ਬਿਲਾਸਪੁਰ ਵਿਖੇ ਹੋਣਗੀਆਂ। ਬਲਾਕ ਕੋਟ ਈਸੇ ਖਾਂ ਦੀਆਂ ਖੇਡਾਂ 11 ਅਤੇ 12 ਸਤੰਬਰ ਨੂੰ ਸ਼ਹੀਦ ਜੈਮਲ ਸਿੰਘ ਸੀਨੀਅਰ ਸੈਕੰਡਰੀ ਸਕੂਲ, ਘਲੋਟੀ ਵਿਖੇ ਕਰਵਾਈਆਂ ਜਾਣਗੀਆਂ।ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ, ਵਾਲੀਬਾਲ (ਸ਼ੂਟਿੰਗ/ਸਮੈਸ਼ਿੰਗ), ਫੁੱਟਬਾਲ, ਖੋ-ਖੋ ਅਤੇ ਕਬੱਡੀ (ਸਰਕਲ ਅਤੇ ਨੈਸ਼ਨਲ ਸਟਾਈਲ) ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਸਾਰੇ ਉਮਰ ਵਰਗਾਂ ਦੇ ਖਿਡਾਰੀ ਭਾਗ ਲੈ ਸਕਣਗੇ।
ਇਸੇ ਤਰ੍ਹਾਂ ਬਲਾਕ ਧਰਮਕੋਟ ਦੀਆਂ ਖੇਡਾਂ 13 ਅਤੇ 14 ਸਤੰਬਰ ਨੂੰ ਐਸ.ਬੀ.ਆਰ.ਐਸ. ਗੁਰੂਕੁਲ ਮਹਿਣਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਹਿਣਾ ਵਿਖੇ ਕਰਵਾਈਆਂ ਜਾਣਗੀਆਂ। ਬਲਾਕ ਬਾਘਾਪੁਰਾਣਾ ਦੀਆਂ ਖੇਡਾਂ 15 ਅਤੇ 16 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੋਡੇ ਅਤੇ ਯੂਨੀਕ ਪਬਲਿਕ ਸਕੂਲ, ਸਮਾਲਸਰ ਵਿਖੇ ਹੋਣਗੀਆਂ।
ਬਲਾਕ ਮੋਗਾ ਦੀਆਂ ਬਲਾਕ ਪੱਧਰੀ ਖੇਡਾਂ 17 ਅਤੇ 18 ਸਤੰਬਰ ਨੂੰ ਗੁਰੂ ਨਾਨਕ ਕਾਲਜ ਮੋਗਾ ਅਤੇ ਗੋਧੇਵਾਲਾ ਇੰਡੋਰ ਸਟੇਡੀਅਮ ਵਿਖੇ ਕਰਵਾਈਆਂ ਜਾਣਗੀਆਂ। ਇਨ੍ਹਾਂ ਮੁਕਾਬਲਿਆਂ ਵਿੱਚ ਲੜਕਿਆਂ ਅਤੇ ਲੜਕੀਆਂ ਦੇ ਸਾਰੇ ਉਮਰ ਵਰਗਾਂ ਦੇ ਖਿਡਾਰੀ ਹਿੱਸਾ ਲੈ ਸਕਣਗੇ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ‘ਖੇਡਾਂ ਵਤਨ ਪੰਜਾਬ ਦੀਆਂ-2026’ ਵਿੱਚ ਵੱਧ ਤੋਂ ਵੱਧ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਅਤੇ ਸਰਗਰਮ ਸ਼ਮੂਲੀਅਤ ਯਕੀਨੀ ਬਣਾਉਣ ਲਈ ਲੋੜੀਂਦੀਆਂ ਡਿਊਟੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਖੇਡਾਂ ਨੂੰ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ ਹਦਾਇਤ ਕੀਤੀ।
ਫੋਟੇ ਕੈਪਸ਼ਨ-ਵਧੀਕ ਡਿਪਟੀ ਕਮਿਸ਼ਨਰ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸਬੰਧਤ ਵਿਭਾਗਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।