ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 05 ਕਿਲੋਮੀਟਰ ਮੈਰਾਥਨ ਦੌੜ 3 ਸਤੰਬਰ ਨੂੰ
ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 7 ਸਤੰਬਰ ਤੋਂ
ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 21 ਸਤੰਬਰ ਤੋਂ 27 ਸਤੰਬਰ ਤੱਕ
ਸ੍ਰੀ ਮੁਕਤਸਰ ਸਾਹਿਬ : ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਖੇਡਾਂ ਪ੍ਰਤੀ ਨੌਜਵਾਨਾਂ ਅਤੇ ਆਮ ਲੋਕਾਂ ਵਿੱਚ ਉਤਸ਼ਾਹ ਪੈਦਾ ਕਰਨ ਦੇ ਉਦੇਸ਼ ਨਾਲ ਮਸ਼ਾਲ 2 ਸਤੰਬਰ 2026 ਸਵੇਰੇ 9 ਵਜੇ ਲੱਧੂਵਾਲਾ ਪੁੱਲ਼, ਜਲਾਲਾਬਾਦ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇਗੀ ਅਤੇ 3 ਸਤੰਬਰ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ, ਸ੍ਰੀ ਮੁਕਤਸਰ ਸਾਹਿਬ ਤੋਂ ਪਿੰਡ ਸਰਾਏਨਾਗਾ ਵਿਖੇ ਜ਼ਿਲ੍ਹਾ ਫਰੀਦਕੋਟ ਨੂੰ ਹੈਂਡਉਵਰ ਕਰ ਦਿੱਤੀ ਜਾਵੇਗੀ। 3 ਸਤੰਬਰ 2026 ਨੂੰ ਸ਼੍ਰੀ ਗੁਰੂ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਇਕੱ ਮੈਰਾਥਨ ਦੌੜ (05 ਕਿਮੀ) ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 7 ਸਤੰਬਰ ਤੋਂ ਅਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 21 ਸਤੰਬਰ ਤੋਂ 27 ਸਤੰਬਰ ਤੱਕ ਕਰਵਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਗਾਉ ਪ੍ਰਬੰਧਾਂ ਸਬੰਧੀ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਮਸ਼ਾਲ ਮਿਤੀ 02 ਸਤੰਬਰ 2026 ਨੂੰ ਸਵੇਰੇ 9:00 ਵਜੇ ਲੱਧੂਵਾਲਾ ਪੁੱਲ, ਜਲਾਲਾਬਾਦ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇਗੀ। ਇਸ ਉਪਰੰਤ ਮਸ਼ਾਲ ਨੂੰ ਵਹੀਕਲ ਰਾਹੀਂ ਲੱਧੂਵਾਲਾ ਪੁੱਲ ਤੋਂ ਰੇਲਵੇ ਸਟੇਸ਼ਨ, ਸ੍ਰੀ ਮੁਕਤਸਰ ਸਾਹਿਬ ਤੱਕ ਲਿਜਾਇਆ ਜਾਵੇਗਾ ਅਤੇ ਸਵੇਰੇ 9:40 ਵਜੇ ਰੇਲਵੇ ਸਟੇਸ਼ਨ ਤੋਂ ਰੈੱਡ ਕਰਾਸ ਭਵਨ ਤੱਕ ਪੈਦਲ ਮਾਰਚ ਕੀਤਾ ਜਾਵੇਗਾ। ਇਸ ਤੋਂ ਬਾਅਦ ਸਵੇਰੇ 10:10 ਵਜੇ ਰੈੱਡ ਕਰਾਸ ਭਵਨ ਤੋਂ ਮਸ਼ਾਲ ਨੂੰ ਵਹੀਕਲ ਰਾਹੀਂ ਗੁਰੂ ਗੋਬਿੰਦ ਸਿੰਘ ਸਟੇਡੀਅਮ, ਸ੍ਰੀ ਮੁਕਤਸਰ ਸਾਹਿਬ ਵਿਖੇ ਲਿਜਾਇਆ ਜਾਵੇਗਾ। ਮਿਤੀ 03 ਸਤੰਬਰ 2026 ਨੂੰ ਬਾਅਦ ਦੁਪਹਿਰ 3:00 ਵਜੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਮਸ਼ਾਲ ਨੂੰ ਪਿੰਡ ਸਰਾਏਨਾਗਾ ਵਿਖੇ ਜ਼ਿਲ੍ਹਾ ਫਰੀਦਕੋਟ ਨੂੰ ਹੈਂਡਓਵਰ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਖਿਡਾਰੀਆਂ, ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਨੂੰ ਇਸ ਮਸ਼ਾਲ ਮਾਰਚ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਲੋੜੀਂਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਪੁਲਿਸ ਵਿਭਾਗ ਨੂੰ ਮਸ਼ਾਲ ਮਾਰਚ ਦੌਰਾਨ ਖਿਡਾਰੀਆਂ ਦੀ ਸੁਰੱਖਿਆ, ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਟਰੈਫਿਕ ਵਿਵਸਥਾ ਸੁਚਾਰੂ ਬਣਾਈ ਰੱਖਣ ਲਈ ਪੁਖਤਾ ਪ੍ਰਬੰਧ ਕਰਨ। ਜ਼ਿਲ੍ਹਾ ਸਿੱਖਿਆ ਅਫਸਰ ਨੂੰ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਖਿਡਾਰੀਆਂ ਦੀ ਮਸ਼ਾਲ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਨਾਉਣ। ਕਾਰਜ ਸਾਧਕ ਅਫਸਰ, ਸ੍ਰੀ ਮੁਕਤਸਰ ਸਾਹਿਬ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਵੱਲੋਂ ਮਸ਼ਾਲ ਮਾਰਚ ਦੇ ਰੂਟ ਦੀ ਸਾਫ-ਸਫਾਈ, ਗਰਾਊਂਡਾਂ ਵਿੱਚ ਪਾਣੀ ਦੇ ਛਿੜਕਾਅ ਅਤੇ ਸਟੇਡੀਅਮ ਵਿਖੇ ਝੰਡੇ ਲਗਾਉਣ ਦੇ ਪ੍ਰਬੰਧ ਕਰਨ। ਜ਼ਿਲ੍ਹਾ ਮੰਡੀ ਅਫਸਰ ਨੂੰ ਸਟੇਡੀਅਮ ਵਿਖੇ ਪੀਣ ਵਾਲੇ ਪਾਣੀ ਦੇ ਤਾਜ਼ੇ ਟੈਂਕਰ ਦਾ ਪ੍ਰਬੰਧ ਕਰਨ। ਨਿਗਰਾਨ ਇੰਜੀਨੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪ੍ਰੋਗਰਾਮ ਦੌਰਾਨ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਨਾਉਣ। ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਪ੍ਰੋਗਰਾਮ ਦੌਰਾਨ ਆਰਜ਼ੀ ਪਖਾਨਿਆਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਸਟੇਡੀਅਮ ਵਿਖੇ ਬਣੇ ਪੱਕੇ ਪਖਾਨਿਆਂ ਦੀ ਸਾਫ-ਸਫਾਈ ਅਤੇ ਸੀਵਰੇਜ ਦੇ ਢੱਕਣ ਲਗਾਉਣ ਅਤੇ ਸਿਹਤ ਵਿਭਾਗ ਨੂੰ ਮੈਡੀਕਲ ਟੀਮ ਸਮੇਤ ਐਂਬੂਲੈਂਸ ਦੀ ਤਾਇਨਾਤੀ ਕਰਕੇ ਮੈਡੀਕਲ ਸਹੂਲਤਾਂ ਉਪਲਬਧ ਕਰਵਾਉਣ ਸਬੰਧੀ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 05 ਕਿਲੋਮੀਟਰ ਮੈਰਾਥਨ ਦੌੜ ਮਿਤੀ 03 ਸਤੰਬਰ 2026 ਨੂੰ ਸਵੇਰੇ 06:30 ਵਜੇ ਗੁਰੂ ਗੋਬਿੰਦ ਸਿੰਘ ਸਟੇਡੀਅਮ, ਸ੍ਰੀ ਮੁਕਤਸਰ ਸਾਹਿਬ ਤੋਂ ਸ਼ੁਰੂ ਹੋਵੇਗੀ। ਮੈਰਾਥਨ ਦੌੜ ਦਾ ਰੂਟ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਜਿਮਨੇਜ਼ੀਅਮ ਹਾਲ (ਸਟੇਡੀਅਮ ਗੇਟ, ਫਿਰੋਜ਼ਪੁਰ ਰੋਡ ਤੋਂ ਕੋਟਕਪੂਰਾ ਰੋਡ), ਕੋਟਕਪੂਰਾ ਰੋਡ ਤੋਂ ਪਿੰਡ ਉਦੇਕਰਨ ਵਾਲੀ ਸੜਕ ਰਾਹੀਂ ਹੁੰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਉਦੇਕਰਨ ਵਿਖੇ ਖੱਬੇ ਸਾਈਡ ਪਿੰਡ ਦੀ ਫਿਰਨੀ ਰਾਹੀਂ ਹੁੰਦੀ ਹੋਈ ਫਿਰੋਜ਼ਪੁਰ ਰੋਡ ’ਤੇ ਪਹੁੰਚੇਗੀ ਅਤੇ ਮੁੜ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ। ਉਨ੍ਹਾਂ ਵੱਲੋਂ ਜ਼ਿਲ੍ਹਾ ਵਾਸੀਆਂ, ਨੌਜਵਾਨਾਂ, ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਇਸ ਮੈਰਾਥਨ ਦੌੜ ਵਿੱਚ ਵੱਧ ਤੋਂ ਵੱਧ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ ਕੀਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵੱਧ ਤੋਂ ਵੱਧ ਵਸਨੀਕਾਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਖੇਡਾਂ ਵਤਨ ਪੰਜਾਬ ਦੀਆਂ-2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਖੇਡ ਮੇਲੇ ਰਾਹੀਂ ਪੰਜਾਬ ਸਰਕਾਰ ਵੱਲੋਂ ਖੇਡਾਂ ਦਾ ਪੱਧਰ ਉੱਚਾ ਚੁੱਕਣ, ਨੌਜਵਾਨਾਂ ਦੀ ਪ੍ਰਤਿਭਾ ਅਤੇ ਹੁਨਰ ਦੀ ਪਛਾਣ ਕਰਨ, ਭਾਈਚਾਰਕ ਸਾਂਝ ਤੇ ਸਦਭਾਵਨਾ ਨੂੰ ਮਜ਼ਬੂਤ ਕਰਨ, ਵੱਧ ਤੋਂ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਜ਼ਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ ਮਿਤੀ 07 ਸਤੰਬਰ ਤੋਂ 16 ਸਤੰਬਰ 2026 ਤੱਕ ਵੱਖ-ਵੱਖ ਉਮਰ ਵਰਗਾਂ ਵਿੱਚ ਫੁੱਟਬਾਲ, ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਰਕਲ ਸਟਾਈਲ), ਖੋ-ਖੋ, ਅਥਲੈਟਿਕਸ, ਵਾਲੀਬਾਲ (ਸਮੈਸ਼ਿੰਗ) ਅਤੇ ਵਾਲੀਬਾਲ (ਸ਼ੂਟਿੰਗ) ਦੇ ਮੁਕਾਬਲਿਆਂ ਵਿੱਚ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਖਿਡਾਰੀ ਆਨਲਾਈਨ ਰਜਿਸਟ੍ਰੇਸ਼ਨ ਪੋਰਟਲ https://sports.punjab.gov.in ’ਤੇ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡ ਮੁਕਾਬਲੇ ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਖੇ ਮਿਤੀ 07 ਤੋਂ 08 ਸਤੰਬਰ, ਗਿੱਦੜਬਾਹਾ ਦੇ ਖੇਡ ਸਟੇਡੀਅਮ, ਪਿੰਡ ਕੋਟ ਭਾਈ ਵਿਖੇ ਮਿਤੀ 09 ਤੋਂ 10 ਸਤੰਬਰ, ਲੰਬੀ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ, ਪਿੰਡ ਬਾਦਲ ਵਿਖੇ ਮਿਤੀ 11 ਤੋਂ 12 ਸਤੰਬਰ ਅਤੇ ਮਲੋਟ ਦੇ ਨਿਊਟਨ ਵਰਲਡ ਸਕੂਲ ਵਿਖੇ ਮਿਤੀ 14 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਜ਼ਿਲ੍ਹਾ ਖੇਡ ਅਫਸਰ ਨੇ ਜ਼ਿਲ੍ਹੇ ਦੇ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ ਕੀਤੀ। ਖੇਡਾਂ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਖੇਡ ਅਫਸਰ ਸ੍ਰੀਮਤੀ ਅਨਿੰਦਰਵੀਰ ਕੌਰ ਬਰਾੜ (ਮੋ. 98557-00193), ਸੀਨੀਅਰ ਸਹਾਇਕ ਸ੍ਰੀ ਭੁਪਿੰਦਰ ਕੁਮਾਰ (ਮੋ. 90412-57622), ਸਟੈਨੋ ਸ੍ਰੀ ਅੰਕੁਸ਼ ਸੇਤੀਆ (ਮੋ. 95926-88044) ਅਤੇ ਕਲਰਕ ਸ੍ਰੀਮਤੀ ਸੁਰੇਖਾ (ਮੋ. 78142-89102) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਮਿਤੀ 21 ਸਤੰਬਰ ਤੋਂ 27 ਸਤੰਬਰ 2026 ਤੱਕ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਤਹਿਤ ਬਾਸਕਿਟਬਾਲ, ਫੁੱਟਬਾਲ, ਹੈਂਡਬਾਲ, ਪਾਵਰਲਿਫਟਿੰਗ, ਵੇਟ ਲਿਫਟਿੰਗ, ਅਥਲੈਟਿਕਸ, ਵਾਲੀਬਾਲ (ਸ਼ੂਟਿੰਗ), ਵਾਲੀਬਾਲ (ਸਮੈਸ਼ਿੰਗ), ਗੱਤਕਾ, ਖੋ-ਖੋ, ਕਿੱਕਬਾਕਸਿੰਗ, ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਰਕਲ ਸਟਾਈਲ) ਦੇ ਮੁਕਾਬਲੇ ਗੁਰੂ ਗੋਬਿੰਦ ਸਿੰਘ ਸਟੇਡੀਅਮ, ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਬੈਡਮਿੰਟਨ ਦੇ ਮੁਕਾਬਲੇ ਰੈਡ ਕਰਾਸ ਭਵਨ, ਸ੍ਰੀ ਮੁਕਤਸਰ ਸਾਹਿਬ, ਬਾਕਸਿੰਗ ਦੇ ਮੁਕਾਬਲੇ ਗੁਰੂ ਨਾਨਕ ਕਾਲਜ, ਸ੍ਰੀ ਮੁਕਤਸਰ ਸਾਹਿਬ, ਕੁਸ਼ਤੀ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਗਿੱਦੜਬਾਹਾ, ਰੋਲਰ ਸਕੇਟਿੰਗ ਦੇ ਮੁਕਾਬਲੇ ਲਿਟਲ ਫਲਾਵਰ ਕਾਨਵੈਂਟ ਸਕੂਲ, ਸ੍ਰੀ ਮੁਕਤਸਰ ਸਾਹਿਬ, ਸ਼ੂਟਿੰਗ ਦੇ ਮੁਕਾਬਲੇ ਗੁਰੂ ਗੋਬਿੰਦ ਸਿੰਘ ਸਟੇਡੀਅਮ, ਬਾਦਲ ਅਤੇ ਆਰਚਰੀ ਦੇ ਮੁਕਾਬਲੇ ਮਾਲਵਾ ਸਕੂਲ, ਗਿੱਦੜਬਾਹਾ ਵਿਖੇ ਕਰਵਾਏ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਅਤੇ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਦੀ ਅਪੀਲ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਡੈਵੀ ਗੋਇਲ, ਐਸ.ਡੀ.ਐਮ. ਸ੍ਰੀ ਗੁਰਕਿਰਨਦੀਪ ਸਿੰਘ ਸਿੱਧੂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਯਾਦਵਿੰਦਰ ਸਿੰਘ ਮਾਨ, ਕਾਰਜ ਸਾਧਕ ਅਫ਼ਸਰ ਸ੍ਰੀ ਵਰੁਨ ਸਹੋਤਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।