14 ਜੁਲਾਈ
ਬਠਿੰਡਾ ਜ਼ਿਲ੍ਹੇ ਦੇ ਕਸਬਾ ਤਲਵੰਡੀ ਸਾਬੋ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਬੀਤੀ ਰਾਤ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਮਾਂ ਅਤੇ ਪੁੱਤਰ ਦੀ ਮੌਤ ਹੋ ਗਈ, ਜਦਕਿ ਦੋ ਛੋਟੀਆਂ ਧੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਬਠਿੰਡਾ ਦੇ ਤਲਵੰਡੀ ਸਾਬੋ ਵਿੱਚ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਧਰਮ ਸਿੰਘ ਉਰਫ਼ ਕਾਲਾ ਆਪਣੇ ਪਰਿਵਾਰ ਨਾਲ ਘਰ ਵਿੱਚ ਸੁੱਤਾ ਹੋਇਆ ਸੀ। ਰਾਤ ਕਰੀਬ 11 ਵਜੇ ਅਚਾਨਕ ਕਮਰੇ ਦੀ ਛੱਤ ਢਹਿ ਗਈ, ਜਿਸ ਕਾਰਨ ਪਰਿਵਾਰ ਮਲਬੇ ਹੇਠਾਂ ਦੱਬ ਗਿਆ।
ਇਸ ਹਾਦਸੇ ਵਿੱਚ ਧਰਮ ਸਿੰਘ ਦੀ 40 ਸਾਲਾ ਪਤਨੀ ਵੀਰਪਾਲ ਕੌਰ ਅਤੇ 14 ਸਾਲਾ ਪੁੱਤਰ ਅਰਸ਼ਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਉਸ ਦੀਆਂ ਦੋ ਧੀਆਂ ਸਨਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਦਾ ਇਲਾਜ ਇਸ ਵੇਲੇ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਧਰਮ ਸਿੰਘ ਕਮਰੇ ਤੋਂ ਬਾਹਰ ਸੁੱਤਾ ਹੋਇਆ ਸੀ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਪਰਿਵਾਰ ਮਿਹਨਤ-ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ।
ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਸਥਾਨਕ ਲੋਕਾਂ ਨੇ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕੀਤਾ ਹੈ ਅਤੇ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਦੀ ਮੰਗ ਕੀਤੀ ਹੈ।
ਫਿਲਹਾਲ ਜ਼ਖ਼ਮੀ ਦੋਵੇਂ ਬੱਚੀਆਂ ਦਾ ਇਲਾਜ ਜਾਰੀ ਹੈ ਅਤੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ