ਸਿਵਲ ਹਸਪਤਾਲ ਦੇ ਬਲੱਡ ਬੈਂਕ ‘ਚ 25 ਯੂਨਿਟ ਖੂਨ ਹੋਇਆ ਖਰਾਬ
ਹਸਪਤਾਲ ਨੇ ਕੰਪਨੀ ਨੂੰ ਨੋਟਿਸ ਭੇਜਿਆ, ਬਲੱਡ ਬੈਂਕ ‘ਚ ਕਰੀਬ 50 ਯੂਨਿਟ ਖੂਨ ਮੌਜੂਦ
ਗੁਰਦਾਸਪੁਰ
10 ਜੁਲਾਈ
ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿੱਚ ਰੱਖਿਆ 25 ਯੂਨਿਟ ਖੂਨ ਖਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬਲੱਡ ਸਟੋਰੇਜ ਫ੍ਰੀਜ਼ਰ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਇਹ ਖੂਨ ਵਰਤੋਂ ਯੋਗ ਨਹੀਂ ਰਿਹਾ। ਹਸਪਤਾਲ ਪ੍ਰਸ਼ਾਸਨ ਨੇ ਸਬੰਧਤ ਕੰਪਨੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।ਵੀ.ਓ.:
ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿੱਚ 25 ਯੂਨਿਟ ਖੂਨ ਖਰਾਬ ਹੋ ਗਿਆ। ਜਾਣਕਾਰੀ ਅਨੁਸਾਰ ਬਲੱਡ ਬੈਂਕ ਲਈ ਹਾਲ ਹੀ ਵਿੱਚ ਨਵਾਂ ਬਲੱਡ ਸਟੋਰੇਜ ਫ੍ਰੀਜ਼ਰ ਲਗਾਇਆ ਗਿਆ ਸੀ, ਪਰ ਉਸ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਫ੍ਰੀਜ਼ਰ ਵਿੱਚ ਰੱਖਿਆ ਖੂਨ ਸੁਰੱਖਿਅਤ ਤਾਪਮਾਨ ‘ਤੇ ਨਹੀਂ ਰਹਿ ਸਕਿਆ ਅਤੇ 25 ਯੂਨਿਟ ਖੂਨ ਵਰਤੋਂ ਦੇ ਯੋਗ ਨਹੀਂ ਰਿਹਾ।ਬਲੱਡ ਬੈਂਕ ਦੀ ਇੰਚਾਰਜ ਡਾ. ਪੂਜਾ ਖੋਸਲਾ ਨੇ ਦੱਸਿਆ ਕਿ ਰਾਤ ਦੇ ਸਮੇਂ ਬਲੱਡ ਸਟੋਰੇਜ ਫ੍ਰੀਜ਼ਰ ਵਿੱਚ ਤਕਨੀਕੀ ਖਰਾਬੀ ਆ ਗਈ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ ਫ੍ਰੀਜ਼ਰ ਵੱਲੋਂ ਨਾ ਕੋਈ ਅਲਰਟ ਮਿਲਿਆ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਇੰਡੀਕੇਸ਼ਨ ਦਿੱਤਾ ਗਿਆ, ਜਿਸ ਕਾਰਨ ਸਮੇਂ ਸਿਰ ਖਰਾਬੀ ਦਾ ਪਤਾ ਨਹੀਂ ਲੱਗ ਸਕਿਆ।
ਉਨ੍ਹਾਂ ਦੱਸਿਆ ਕਿ ਖਰਾਬ ਹੋਏ 25 ਯੂਨਿਟ ਖੂਨ ਨੂੰ ਬਾਇਓ-ਮੈਡੀਕਲ ਵੇਸਟ ਪ੍ਰੋਟੋਕੋਲ ਅਨੁਸਾਰ ਨਸ਼ਟ ਕਰ ਦਿੱਤਾ ਗਿਆ, ਤਾਂ ਜੋ ਕਿਸੇ ਵੀ ਮਰੀਜ਼ ਨੂੰ ਗਲਤੀ ਨਾਲ ਇਹ ਖੂਨ ਨਾ ਚੜ੍ਹਾਇਆ ਜਾਵੇ ਅਤੇ ਸੰਕਰਮਣ ਦਾ ਕੋਈ ਖਤਰਾ ਨਾ ਬਣੇ।
ਡਾ. ਖੋਸਲਾ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਵੱਲੋਂ ਫ੍ਰੀਜ਼ਰ ਸਪਲਾਈ ਕਰਨ ਵਾਲੀ ਕੰਪਨੀ ਨੂੰ ਨੋਟਿਸ ਭੇਜਿਆ ਗਿਆ ਹੈ ਅਤੇ ਖਰਾਬੀ ਸਬੰਧੀ ਜਵਾਬ ਮੰਗਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਲਗਾਏ ਗਏ ਖੂਨਦਾਨ ਕੈਂਪਾਂ ਕਾਰਨ ਬਲੱਡ ਬੈਂਕ ਵਿੱਚ ਇਸ ਵੇਲੇ ਕਰੀਬ 50 ਯੂਨਿਟ ਖੂਨ ਉਪਲਬਧ ਹੈ। ਲੋੜਵੰਦ ਮਰੀਜ਼ ਨਿਰਧਾਰਤ ਪ੍ਰਕਿਰਿਆ ਅਨੁਸਾਰ ਬਲੱਡ ਬੈਂਕ ਤੋਂ ਖੂਨ ਪ੍ਰਾਪਤ ਕਰ ਸਕਦੇ ਹਨ