ਜਲੰਧਰ
9ਜੁਲਾਈ
ਪਿੰਡ ਸ਼ਾਹਪੁਰ ਵਿੱਚ ਪੁਲਿਸ ਅਤੇ ਸ਼ੂਟਰ ਵਿਚਾਲੇ ਮੁਕਾਬਲੇ ਦੌਰਾਨ ਲੱਕੀ ਪਟਿਆਲ ਗੈਂਗ ਦੇ ਗੁਰਗੇ ਨੂੰ ਕਾਬੂ ਕੀਤਾ ਗਿਆ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਸੀ ਆਈ ਏ ਸਟਾਫ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੁਲਜ਼ਮ ਪੁਲਿਸ ਨੂੰ ਦੇਖ ਕੇ ਮੋਟਰਸਾਈਕਲ ਭਜਾਉਣ ਲੱਗਾ, ਪਰ ਪਿੱਛਾ ਕਰਨ ਦੌਰਾਨ ਉਸਦਾ ਮੋਟਰਸਾਈਕਲ ਫਿਸਲ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਪੁਲਿਸ ’ਤੇ ਗੋਲੀਬਾਰੀ ਕੀਤੀ, ਜਿਸ ਦੇ ਜਵਾਬ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ। ਮੁਕਾਬਲੇ ਦੌਰਾਨ ਮੁਲਜ਼ਮ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।
ਮੁਲਜ਼ਮ ਦੀ ਪਹਿਚਾਣ ਯੋਧ ਸਿੰਘ ਯੋਦਾ ਉਰਫ਼ ਲੱਬੂ ਵਾਸੀ ਸ਼ਾਹਕੋਟ ਵਜੋਂ ਹੋਈ ਹੈ। ਪੁਲਿਸ ਮੁਤਾਬਕ ਕਰੀਬ ਦੋ-ਤਿੰਨ ਮਹੀਨੇ ਪਹਿਲਾਂ ਵਰਦਾਨ ਹਸਪਤਾਲ ਦੇ ਗੇਟ ’ਤੇ ਹੋਈ ਫਾਇਰਿੰਗ ਵਿੱਚ ਵੀ ਇਹੀ ਮੁਲਜ਼ਮ ਸ਼ਾਮਲ ਸੀ। ਉਸ ਕੋਲੋਂ ਵਾਰਦਾਤ ਦੌਰਾਨ ਵਰਤਿਆ ਗਿਆ ਹੈਲਮੈਟ ਅਤੇ ਪਿਸਤੌਲ ਬਰਾਮਦ ਕੀਤੀ ਗਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਸਪਤਾਲ ’ਤੇ ਫਾਇਰਿੰਗ ਕੈਨੇਡਾ ਰਹਿੰਦੇ ਵਿਅਕਤੀ ਨਾਲ ਚੱਲ ਰਹੇ ਵਿਵਾਦ ਕਾਰਨ ਕਰਵਾਈ ਗਈ ਸੀ। ਪੁਲਿਸ ਹੁਣ ਮੁਲਜ਼ਮ ਦੇ ਹੋਰ ਸਾਥੀਆਂ ਅਤੇ ਪੈਸਿਆਂ ਦੇ ਲੈਣ-ਦੇਣ ਦੀ ਜਾਂਚ ਕਰ ਰਹੀ ਹੈ।