ਅੰਮ੍ਰਿਤਸਰ ਵਿੱਚ ਕਾਊਂਟਰ ਇੰਟੈਲੀਜੈਂਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਹਥਿਆਰਾਂ ਅਤੇ ਵਿਸਫੋਟਕਾਂ ਦੀ ਤਸਕਰੀ ਕਰਨ ਵਾਲੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਗਏ ਹਨ।ਕਾਊਂਟਰ ਇੰਟੈਲੀਜੈਂਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਮੁਲਜ਼ਮਾਂ ਕੋਲੋਂ 6 ਹੈਂਡ ਗ੍ਰਨੇਡ ਅਤੇ 12 ਪਿਸਤੌਲ ਬਰਾਮਦ ਕੀਤੇ ਗਏ ਹਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਵਿੱਚ ਬੈਠੇ ਇੱਕ ਤਸਕਰ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ।
ਜਾਂਚ ਏਜੰਸੀਆਂ ਅਨੁਸਾਰ ਇਸ ਮਾਡਿਊਲ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਅਤੇ ਵਿਦੇਸ਼ਾਂ ਵਿੱਚ ਸਰਗਰਮ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਆਪਰੇਟਿਵਜ਼ ਦਾ ਸਮਰਥਨ ਹਾਸਲ ਸੀ। ਮੁੱਢਲੀ ਜਾਂਚ ਮੁਤਾਬਕ ਇਹ ਹਥਿਆਰ ਅਤੇ ਵਿਸਫੋਟਕ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਖ਼ਰਾਬ ਕਰਨ ਅਤੇ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਮੰਗਵਾਏ ਗਏ ਸਨ।
ਪੰਜਾਬ ਪੁਲਿਸ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸ ਮਾਮਲੇ ਵਿੱਚ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (ਐੱਸਐੱਸਓਸੀ) ਥਾਣੇ ਵਿੱਚ ਆਰਮਜ਼ ਐਕਟ, ਵਿਸਫੋਟਕ ਪਦਾਰਥ ਐਕਟ ਅਤੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਸੰਬੰਧਿਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।
ਫਿਲਹਾਲ ਪੁਲਿਸ ਇਸ ਨੈੱਟਵਰਕ ਦੀਆਂ ਦੇਸ਼ ਅਤੇ ਵਿਦੇਸ਼ ਨਾਲ ਜੁੜੀਆਂ ਕੜੀਆਂ ਦੀ ਜਾਂਚ ਕਰ ਰਹੀ ਹੈ। ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਮਾਡਿਊਲ ਨਾਲ ਹੋਰ ਕਿੰਨੇ ਲੋਕ ਜੁੜੇ ਹੋਏ ਹਨ ਅਤੇ ਕੀ ਇਸ ਤੋਂ ਪਹਿਲਾਂ ਵੀ ਅਜਿਹੀਆਂ ਖੇਪਾਂ ਪੰਜਾਬ ਵਿੱਚ ਪਹੁੰਚਾਈਆਂ ਗਈਆਂ ਸਨ।